Kavinder Chaand ਜੀ ਦੀ ਇੱਕ ਖੂਬਸੂਰਤ ਤੇ ਭਾਵਪੂਰਤ ਰਚਨਾ ਸਾਂਝੀ ਕਰ ਰਹੇ ਹਾਂ। Kavinder chaand kavita

Kavinder Chaand ਜੀ ਦੀ ਇੱਕ ਖੂਬਸੂਰਤ ਤੇ ਭਾਵਪੂਰਤ ਰਚਨਾ ਸਾਂਝੀ ਕਰ ਰਹੇ ਹਾਂ।

Kavinder chaand kavita

Kavinder Chaand ਜੀ ਦੀ ਇੱਕ ਖੂਬਸੂਰਤ ਤੇ ਭਾਵਪੂਰਤ ਰਚਨਾ ਸਾਂਝੀ ਕਰ ਰਹੇ ਹਾਂ।  Kavinder chaand kavita

ਮੁਆਫ਼ੀਨਾਮਾ' 

——————

ਜਦੋਂ ਕੁਝ ਉਲਝਦਾ  ਹੋਵੇ

ਨਾ ਮਸਲਾ ਸੁਲਝਦਾ ਹੋਵੇ

ਜਦੋਂ ਸਭ  ਦੇਖਦੇ  ਹੁੰਦੇ ਨੇ

ਪਹਿਲੋਂ  ਕੌਣ  ਝੁੱਕਦਾ  ਹੈ

ਝਿਜਕ ਜਦ ਰੋਕਦੀ ਹੁੰਦੀ ਹੈ

ਸਭ ਨੂੰ  ਪਹਿਲ  ਕਦਮੀ  ਤੋਂ

ਮੇਰਾ ਕੁਝ ਵੀ ਨਹੀਂ ਘਟਦਾ

ਮੈਂ ,ਮੁਆਫੀ ਮੰਗ ਲੈਂਦਾ ਹਾਂ..

————————-

ਮੁਆਫੀ ਟੁੱਟਿਆਂ ਹੋਇਆਂ ਨੂੰ 

ਮੁੜ ਕੇ ਜੋੜ ਦਿੰਦੀ ਹੈ

ਦਿਲਾਂ ਵਿੱਚ ਜ਼ਹਿਰ ਜੋ ਹੁੰਦਾ ਹੈ

ਸਾਰਾ ਰੋੜ੍ਹ ਦਿੰਦੀ ਹੈ

ਮੁਆਫੀ ਦੂਜਿਆਂ ਕੰਨਾਂ ਚ

ਅੰਮ੍ਰਿਤ ਘੋਲ ਦਿੰਦੀ ਹੈ

ਮੁਆਫੀ ਮੰਗ ਕੇ ਇੱਕ ਆਦਮੀ

ਇਨਸਾਨ ਹੋ ਜਾਂਦੈ

ਤੇ ਮੈਨੂੰ ਲੱਗਦੈ 

ਅੱਧਾ ਕੁ ਉਹ ਭਗਵਾਨ ਹੋ ਜਾਂਦੈ

—————————-

ਬੜੇ ਹੀ  ਕੀਮਤੀ  ਰਿਸ਼ਤੇ

ਅਚਾਨਕ  ਟੁੱਟ  ਜਾਂਦੇ  ਨੇ

ਮਨਾ ਦੇ ਸਾਫ਼ ਸ਼ੀਸ਼ੇ

ਬਿਨ ਵਜਾਹ ਹੀ

ਤਿੜਕ ਜਾਂਦੇ ਨੇ

ਸਿਰਫ ਦੋ ਬੋਲ ਆਖਣ ਨਾਲ

ਜੇ ਸ਼ੀਸ਼ਾ ਤਿੜਕਣੋਂ ਬਚਦੈ

ਮੇਰਾ ਕੁਝ ਵੀ ਨਹੀਂ ਘਟਦਾ

ਮੈਂ ,ਮੁਆਫੀ ਮੰਗ ਲੈਂਦਾ ਹਾਂ

————————

ਅਸੀਂ ਕੁੜੀਆਂ ਨੂੰ ਚਿੜੀਆਂ ਤਾਂ

ਹਮੇਸ਼ਾ ਆਖਦੇ ਆਏ

ਇਹਨਾਂ ਨੂੰ ਪਰ ਅਸੀਂ 

ਖੁੱਲ੍ਹਾ ਕਦੇ ਆਕਾਸ਼ ਨਾ ਦਿੱਤਾ

ਕੁਤਰ ਕੇ ਖੰਭ ਇਹਨਾਂ ਦੇ

ਕਤਲ ਕਰ ਉੱਡਣ ਦੀ ਇੱਛਾ

ਬੜੇ ਹੀ ਫ਼ਖ਼ਰ ਸੰਗ ਕਹਿੰਦੇ ਹਾਂ

ਲਉ ਆਜ਼ਾਦ ਕਰ ਦਿੱਤਾ

ਮਰੇ ਚਾਵਾਂ ਉਮੰਗਾਂ ਤੋਂ

ਇਨ੍ਹਾਂ ਕੱਟੀਆਂ ਪਤੰਗਾਂ ਤੋਂ

ਇਨ੍ਹਾਂ ਕੁੜੀਆਂ ਦੇ ਚਿੜੀਆਂ ਦੇ

ਬਿਨਾ ਖੰਭਾਂ ਦੇ ਹੀ 

ਨਿੱਤ ਉੱਡਣ ਦੀ ਅਰਦਾਸ ਕਰਦਾ ਹਾਂ

ਤੇ ਆਦਮ ਜ਼ਾਤ ਦੇ ਵੱਲੋਂ

ਸਮੁੱਚੀ ਜ਼ਾਤ ਨਾਰੀ ਤੋਂ

ਮੈਂ ,ਮੁਆਫੀ ਮੰਗ ਲੈਂਦਾ ਹਾਂ 

————————

ਮੁਆਫੀ ਮੰਗ ਕੇ ਇੱਕ ਆਮ ਬੰਦਾ 

ਖ਼ਾਸ ਹੋ ਜਾਂਦੈ

ਮੁਆਫੀ ਮੰਗਿਆਂ

ਧਰਤੀ ਜਿਹਾ ਧਰਵਾਸ ਹੋ ਜਾਂਦੈ

ਮੁਆਫੀ ਨਫ਼ਰਤਾਂ ਦੇ ਬੀਜ ਸਾਰੇ

ਸਾੜ ਸਕਦੀ ਹੈ

ਇਹ ਚਾਲੀ ਮੁਕਤਿਆਂ ਵਾਲਾ ਬੇਦਾਵਾ

ਪਾੜ ਸਕਦੀ ਹੈ

———————————

ਮੁਆਫੀ ਮਹਾ ਭਾਰਤ ਨੂੰ ਵੀ

ਹੋਣੋਂ ਰੋਕ ਸਕਦੀ ਸੀ

ਮੁਆਫੀ ਆਲਮੀ ਜੰਗਾਂ 

ਸਦਾ ਲਈ ਰੋਕ ਸਕਦੀ ਸੀ

ਮੁਆਫੀ ਮਰਦ ਔਰਤ ਨੂੰ 

ਸਦੀਵੀ ਜੋੜ ਸਕਦੀ ਹੈ

ਮੁਆਫੀ ਧਰਤ ਤੇ ਬੱਦਲ਼ ਦਾ

ਰਿਸ਼ਤਾ ਜੋੜ ਸਕਦੀ ਹੈ

ਮੁਆਫੀ ਜ਼ਿੰਦਗੀਆਂ ਨੂੰ

ਇੱਕ ਨਵੀਂ ਪ੍ਰਭਾਤ ਦਿੰਦੀ ਹੈ

ਇਹ ਭਾਈਚਾਰਿਆਂ ਨੂੰ

ਪਿਆਰ ਦੀ ਸੌਗ਼ਾਤ ਦਿੰਦੀ ਹੈ

—————————-


—————————-

ਮੇਰੇ ਜੀਵਨ ਚ ਮੈਥੋਂ ਵੀ 

ਅਨੇਕਾਂ ਗਲਤੀਆਂ ਹੋਈਆਂ

ਮੈਂ ਜ਼ਾਹਰਾ ਤੌਰ ਤੇ 

ਹਰ ਭੁੱਲ ਨੂੰ ਸਵੀਕਾਰ ਕਰਦਾ ਹਾਂ

ਜੋ ਕੁਝ ਹੋਰਾਂ ਨੇ ਭੁੱਲਾਂ ਕੀਤੀਆਂ ਸੀ ਆਪਣੇ ਵੱਲੋਂ 

ਦੁਪਾਸੀ ਗਲਤੀਆਂ ਨੂੰ 

ਆਪਣੀਆਂ ਐਲਾਨ ਕਰਦਾ ਹਾਂ

ਮੈਂ ਟੁੱਟੇ ਹਿਰਦਿਆਂ ਨੂੰ 

ਮੁੜ ਯਕੀਨਨ ਜੋੜ ਸਕਦਾ ਹਾਂ

ਜੋ ਲੋਕੀਂ ਆਖਦੇ ਨੇ 

ਮੁੜ ਕੇ ਜੁੜਿਆਂ ਲੀਕ ਨਹੀਂ ਮਿਟਦੀ

ਮੈਂ ਸਾਰੇ ਭਰਮ ਉਹਨਾਂ ਦੇ

ਸਿਰੇ ਤੋਂ ਤੋੜ ਸਕਦਾ ਹਾਂ

————————————

ਹਰਿੱਕ ਆਪਣੇਂ ਬੇਗਾਨੇ ਤੋਂ

ਹਰਿੱਕ ਖੁੰਝੇ ਨਿਸ਼ਾਨੇ ਤੋਂ

ਅਸਾਂ ਜੋ ਕਰ ਲਏ ਦੂਸ਼ਿਤ

ਉਹ ਨਿਰਮਲ ਪਾਣੀਆਂ ਕੋਲੋਂ

ਕਤਲ ਕੀਤੇ ਗਏ ਰੁੱਖਾਂ ਤੋਂ

ਪੌਣਾਂ ਤੋਂ, ਪਹਾੜਾਂ ਤੋਂ

ਬਨਸਪਤ ਤੋਂ,ਕੁੜੀ ਕੁਦਰਤ ਤੋਂ

ਭੋਲੇ ਪੰਛੀਆਂ ਕੋਲੋਂ

ਮੁਆਫੀ ਮੰਗ ਲੈਂਦਾ ਹਾਂ

ਸੰਤਾਲੀ ਤੋਂ , ਚੁਰਾਸੀ ਤੋਂ

ਇਹ ਆਦਮ ਜ਼ਾਤ ਦੇ

ਰਿਸਦੇ ਹੋਏ ਨਾਸੂਰ ਨੇ ਜਿਹੜੇ

ਮੈਂ ਆਪਣੀ ਆਤਮਾ ਦਾ ਬੋਝ

ਕੁਝ ਹੌਲਾ ਕਰਨ ਖ਼ਾਤਰ

ਸੁਰਖ਼ਰੂ ਹੋਣ ਦੀ ਖ਼ਾਤਰ 

ਮੁਆਫੀ ਮੰਗ ਲੈਂਦਾ ਹਾਂ

ਤੁਸੀਂ ਮੰਗੋ ਜਾਂ ਨਾ ਮੰਗੋ

ਮੈਂ ਮੁਆਫੀ ਮੰਗ ਲੈਂਦਾ ਹਾਂ


ਕਵਿੰਦਰ “ਚਾਂਦ”

Post a Comment

0 Comments