Shiv Kumar Batalvi Poems | Shiv Kumar Batalvi Shayari | shiv kumar batalvi quotes

Shiv Kumar Batalvi Poems | Shiv Kumar Batalvi Shayari | shiv kumar batalvi quotes

Shiv Kumar Batalvi Poems | Shiv Kumar Batalvi Shayari | shiv kumar batalvi quotes
Shiv Kumar


shiv kumar batalvi :- ਸ਼ਿਵ ਕੁਮਾਰ ਬਟਾਲਵੀ ਦਾ ਜਨਮ 1936 ਵਿੱਚ ਇਕ ਬਰਾਹਮਣ ਘਰਾਣੇ ਵਿਚ, ਬੜਾ ਪਿੰਡ ਲੋਹਟੀਆਂ, ਤਹਸੀਲ ਸੰਕਰਗੜ੍ਹ, ਜ਼ਿਲਾ ਸਿਆਲਕੋਟ (ਪੱਛਮੀ ਪੰਜਾਬ, ਪਾਕਿਸਤਨ) ਵਿਚ ਹੋਇਆ । ਉਨ੍ਹਾਂ ਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਪਿੰਡ ਦੇ ਤਹਿਸੀਲਦਾਰ ਅਤੇ ਮਾਤਾ ਸ਼ਾਂਤੀ ਦੇਵੀ ਜੀ ਘਰੇਲੂ ਔਰਤ ਸਨ । ਵੰਡ ਤੋਂ ਬਾਅਦ 1947 ਵਿਚ ਉਹ ਬਟਾਲੇ (ਜ਼ਿਲਾ ਗੁਰਦਾਸਪੁਰ) ਆ ਗਏ । ਇੱਥੇ ਹੀ ਸ਼ਿਵ ਕੁਮਾਰ ਨੇ ਆਪਣੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ । ਉਹ ਰੁਮਾਂਟਿਕ ਕਵੀ ਸਨ । ਉਨ੍ਹਾਂ ਦੀ ਸੁਰੀਲੀ ਆਵਾਜ਼ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀਆਂ ਕਵਿਤਾ ਨੂੰ ਬਹੁਤ ਹੀ ਹਰਮਨ ਪਿਆਰਾ ਬਣਾ ਦਿੱਤਾ । ਉਨ੍ਹਾਂ ਨੂੰ 1967 ਵਿਚ ਉਨ੍ਹਾਂ ਦੇ ਕਾਵਿ ਨਾਟ ਲੂਣਾਂ ਤੇ ਸਾਹਿਤ ਅਕਾਦਮੀ ਇਨਾਮ ਮਿਲਿਆ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ, ਲੂਣਾਂ, ਮੈਂ ਤੇ ਮੈਂ, ਆਰਤੀ ਅਤੇ ਬਿਰਹਾ ਤੂੰ ਸੁਲਤਾਨ।


ਸਿੱਖਿਆ ਅਤੇ ਨੌਕਰੀ

ਸੰਨ 1953 ਵਿੱਚ ਸ਼ਿਵ ਨੇ "ਸਾਲਵੇਸ਼ਨ ਆਰਮੀ ਹਾਈ ਸਕੂਲ" ਬਟਾਲਾ ਤੋਂ ਦਸਵੀਂ ਪਾਸ ਕੀਤੀ। ਪਹਿਲਾਂ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿੱਚ ਦਾਖ਼ਿਲਾ ਲਿਆ। ਕੁਝ ਸਮੇਂ ਬਾਅਦ ਨਾਭਾ ਆ ਗਿਆ ਤੇ ਆਰਟਸ ਵਿਸ਼ਲ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਦਾਖਲਾ ਲੈ ਲਿਆ। ਬੈਜਨਾਥ ਜ਼ਿਲ੍ਹਾ ਕਾਂਗੜਾ ਦੇ ਇੱਕ ਸਕੂਲ ਵਿੱਚ ਓਵਰਸੀਅਰ ਦੇ ਕੋਰਸ ਵਿੱਚ ਦਾਖ਼ਿਲਾ ਲੈ ਲਿਆ। ਉਸ ਦੇ ਪਿਤਾ ਕ੍ਰਿਸ਼ਨ ਗੋਪਾਲ ਨੇ ਪੁੱਤ ਸ਼ਿਵ ਕੁਮਾਰ ਨੂੰ ਪਟਵਾਰੀ ਲਵਾ ਦਿੱਤਾ ਪਰ 1961 ਵਿੱਚ ਉਸ ਨੇ ਇਸ ਨੌਕਰੀ ਤੋਂ ਵੀ ਅਸਤੀਫਾ ਦੇ ਦਿੱਤਾ ਅਤੇ 1966 ਤੱਕ ਬੇਰੁਜ਼ਗਾਰ ਹੀ ਰਿਹਾ। ਇਸ ਲਈ ਇਸ ਸਮੇਂ ਦੌਰਾਨ ਉਹ ਕਦੀ ਕਦਾਈਂ ਕਵੀ ਦਰਬਾਰਾਂ ਵਿੱਚ ਆਪਣੀਆਂ ਕਵਿਤਾਵਾਂ ਪੜ੍ਹਨ ਦੇ ਸੇਵਾ ਫਲ ਜਾਂ ਕੁਝ ਛਪ ਚੁੱਕੀਆਂ ਕਿਤਾਬਾਂ ਦੀ ਨਿਗੂਣੀ ਜਿਹੀ ਰਾਇਲਟੀ ’ਤੇ ਹੀ ਗੁਜ਼ਾਰਾ ਕਰਦਾ ਸੀ। 1966 ਵਿੱਚ ਉਸ ਨੇ "ਸਟੇਟ ਬੈਂਕ ਆਫ਼ ਇੰਡੀਆ" ਦੀ ਬਟਾਲਾ ਸ਼ਾਖਾ ਵਿੱਚ ਕਲਰਕ ਦੀ ਨੌਕਰੀ ਕਰ ਲਈ 5 ਫ਼ਰਵਰੀ 1967 ਨੂੰ ਸ਼ਿਵ ਦਾ ਵਿਆਹ, ਗੁਰਦਾਸਪੁਰ ਜਿਲ੍ਹੇ ਦੇ ਹੀ ਇੱਕ ਪਿੰਡ 'ਕੀੜੀ ਮੰਗਿਆਲ' ਦੀ ਅਰੁਣਾ ਨਾਲ ਹੋ ਗਿਆ। ਉਸ ਦਾ ਵਿਆਹੁਤਾ ਜੀਵਨ ਖ਼ੁਸ਼ ਅਤੇ ਹਰ ਪੱਖੋਂ ਠੀਕ-ਠਾਕ ਸੀ। ਉਨ੍ਹਾਂ ਦੇ ਘਰ ਦੋ ਬੱਚੇ ਪੁੱਤਰ ਮਿਹਰਬਾਨ ਬਟਾਲਵੀ ਅਤੇ ਧੀ ਪੂਜਾ ਨੇ ਜਨਮ ਲਿਆ। ਸੰਨ 1968 ਵਿੱਚ ਸਟੇਟ ਬੈਂਕ ਆਫ ਇੰਡੀਆ ਦੇ ਮੁਲਾਜ਼ਮ ਵਜੋਂ ਬਦਲ ਕੇ ਉਹ ਚੰਡੀਗੜ੍ਹ ਆ ਗਿਆ।

ਸ਼ਿਵ ਕੁਮਾਰ ਬਟਾਲਵੀ ਨਾਲ ਜੁੜਿਆ ਇਕ ਕਿੱਸਾ

 ਸ਼ਿਵ ਕੁਮਾਰ ਬਟਾਲਵੀ ਲਿਖਦਾ ਹੈ, "ਜਦੋਂ ਕਦੇ ਮੈਨੂੰ ਕਵਿਤਾ ਨਾ ਸੁੱਝਦੀ ਤਾਂ ਸਾਹਮਣੇ ਪਏ ਖਾਲੀ ਪੰਨੇ ਵੱਲ ਵੇਖ ਮੈਨੂੰ ਡਰ ਆਉਣ ਲਗਦਾ। ਇੰਝ ਲਗਦਾ ਵਰਕ ਆਖ ਰਿਹਾ ਹੋਵੇ - ਸ਼ਿਵ ਹੁਣ ਤੇਰੇ ਵਿਚ ਕੁਝ ਨਹੀਂ ਰਿਹਾ। ਫੇਰ ਮੈਂ ਅਛੋਪੋਲੇ ਜਿਹੇ ਉਸ ਖਾਲੀ ਵਰਕੇ ਦੀ ਨੁੱਕਰ ਵਿਚ ਇਕ ਓਅੰਕਾਰ (੧ਓ) ਲਿਖ ਦਿੰਦਾ। ਮੈਨੂੰ ਡਰ ਆਉਣੋਂ ਹਟ ਜਾਂਦਾ।"


Shiv Kumar Batalvi Books

ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ

ਪੰਜਾਬੀ ਗ਼ਜ਼ਲਾਂ


ਪੰਜਾਬੀ ਗੀਤ


ਪੰਜਾਬੀ ਕਵਿਤਾਵਾਂ


ਆਡੀਓ ਕਵਿਤਾ


ਰਾਵੀ ਦਰਿਆ ਦਾ ਲਾਡਲਾ ਪੁੱਤਰ


ਪੰਜਾਬੀ ਗ਼ਜ਼ਲਾਂ ਸ਼ਿਵ ਕੁਮਾਰ ਬਟਾਲਵੀ

shiv kumar batalvi poems in punjabi pdf

Shiv Kumar Batalvi Poems | Shiv Kumar Batalvi Shayari | shiv kumar batalvi quotes

ਸਵਾਗਤ


ਹੈਂ ਤੂੰ ਆਈ ਮੇਰੇ ਗਰਾਂ


ਹੈਂ ਤੂੰ ਆਈ ਮੇਰੇ ਗਰਾਂ ।


ਹੋਰ ਗੂਹੜੀ ਹੋ ਗਈ ਹੈ,


ਮੇਰਿਆਂ ਬੋਹੜਾਂ ਦੀ ਛਾਂ ।


ਖਾ ਰਹੇ ਨੇ ਚੂਰੀਆਂ


ਅੱਜ ਮੇਰਿਆਂ ਮਹਿਲਾਂ ਦੇ ਕਾਂ ।


ਹੈਂ ਤੂੰ ਆਈ ਮੇਰੇ ਗਰਾਂ,


ਹੈਂ ਤੂੰ ਆਈ ਮੇਰੇ ਗਰਾਂ ।


ਹੈਂ ਤੂੰ ਆਈ ਮੇਰੇ ਗਰਾਂ ।


ਹੈਂ ਤੂੰ ਆਈ ਮੇਰੇ ਗਰਾਂ ।


ਆਲ੍ਹਣਾ ਮੇਰੇ ਦਿਲ 'ਚ ਖ਼ੁਸ਼ੀਆਂ


ਪਾਣ ਦੀ ਕੀਤੀ ਹੈ ਹਾਂ ।


ਤੇਰੇ ਨਾਂ ਤੇ ਪੈ ਗਏ ਨੇ,


ਮੇਰਿਆਂ ਰਾਹਾਂ ਦੇ ਨਾਂ ।


ਹੈਂ ਤੂੰ ਆਈ ਮੇਰੇ ਗਰਾਂ ।


ਹੈਂ ਤੂੰ ਆਈ ਮੇਰੇ ਗਰਾਂ ।


ਹੈਂ ਤੂੰ ਆਈ ਮੇਰੇ ਗਰਾਂ ।


ਹੈਂ ਤੂੰ ਆਈ ਮੇਰੇ ਗਰਾਂ ।


ਪੌਣ ਦੇ ਹੋਠਾਂ 'ਤੇ ਅੱਜ ਹੈ


ਮਹਿਕ ਨੇ ਪਾਈ ਸਰਾਂ


ਟੁਰਦਾ ਟੁਰਦਾ ਰੁਕ ਗਿਆ ਹੈ


ਵੇਖ ਕੇ ਤੈਨੂੰ ਸਮਾਂ


ਹੈਂ ਤੂੰ ਆਈ ਮੇਰੇ ਗਰਾਂ ।


ਹੈਂ ਤੂੰ ਆਈ ਮੇਰੇ ਗਰਾਂ ।


ਹੈਂ ਤੂੰ ਆਈ ਮੇਰੇ ਗਰਾਂ ।


ਹੈਂ ਤੂੰ ਆਈ ਮੇਰੇ ਗਰਾਂ ।


ਲੈ ਲਈ ਕਲੀਆਂ ਨੇ


ਭੌਰਾਂ ਨਾਲ ਅੱਜ ਚੌਥੀ ਹੈ ਲਾਂ ।


ਤੇਰੀ ਹਰ ਇਕ ਪੈੜ 'ਤੇ


ਹੈ ਤਿਤਲੀਆਂ ਰੱਖੀ ਜ਼ਬਾਂ


ਹੈਂ ਤੂੰ ਆਈ ਮੇਰੇ ਗਰਾਂ ।


ਹੈਂ ਤੂੰ ਆਈ ਮੇਰੇ ਗਰਾਂ ।


ਹੈਂ ਤੂੰ ਆਈ ਮੇਰੇ ਗਰਾਂ ।


ਹੈਂ ਤੂੰ ਆਈ ਮੇਰੇ ਗਰਾਂ ।


ਆ ਤੇਰੇ ਪੈਰਾਂ 'ਚ ਪੁੱਗੇ


ਸਫ਼ਰ ਦੀ ਮਹਿੰਦੀ ਲਗਾਂ ।


ਆ ਤੇਰੇ ਨੈਣਾਂ ਨੂੰ ਮਿੱਠੇ


ਸੁਪਨਿਆਂ ਦੀ ਪਿਉਂਦ ਲਾਂ ।


ਹੈਂ ਤੂੰ ਆਈ ਮੇਰੇ ਗਰਾਂ ।


ਹੈਂ ਤੂੰ ਆਈ ਮੇਰੇ ਗਰਾਂ ।


ਹੈਂ ਤੂੰ ਆਈ ਮੇਰੇ ਗਰਾਂ ।


ਹੈਂ ਤੂੰ ਆਈ ਮੇਰੇ ਗਰਾਂ ।


ਵਰਤ ਰੱਖੇਗੀ ਨਿਰਾਹਾਰੀ


ਮੇਰੀਆਂ ਪੀੜਾਂ ਦੀ ਮਾਂ ।


ਆਉਣਗੇ ਖ਼ੁਸ਼ੀਆਂ ਦੇ ਖ਼ਤ


ਅੱਜ ਮੇਰਿਆਂ ਗੀਤਾਂ ਦੇ ਨਾਂ ।


ਹੈਂ ਤੂੰ ਆਈ ਮੇਰੇ ਗਰਾਂ ।


ਹੈਂ ਤੂੰ ਆਈ ਮੇਰੇ ਗਰਾਂ ।


ਹੈਂ ਤੂੰ ਆਈ ਮੇਰੇ ਗਰਾਂ ।


ਹੈਂ ਤੂੰ ਆਈ ਮੇਰੇ ਗਰਾਂ ।


ਹੋਰ ਗੂਹੜੀ ਹੋ ਗਈ ਹੈ


ਮੇਰਿਆਂ ਬੋਹੜਾਂ ਦੀ ਛਾਂ ।


ਖਾ ਰਹੇ ਨੇ ਚੂਰੀਆਂ


ਅੱਜ ਮੇਰਿਆਂ ਮਹਿਲਾਂ ਦੇ ਕਾਂ ।


ਹੈਂ ਤੂੰ ਆਈ ਮੇਰੇ ਗਰਾਂ ।


ਹੈਂ ਤੂੰ ਆਈ ਮੇਰੇ ਗਰਾਂ ।


-------------------


ਸਾਗਰ ਤੇ ਕਣੀਆਂ


ਜਾ ਕੇ ਤੇ ਇਹ ਜੁਆਨੀ


ਮੁੜ ਕੇ ਕਦੀ ਨਾ ਆਉਂਦੀ ।


ਸਾਗਰ 'ਚ ਬੂੰਦ ਰਲ ਕੇ


ਮੁੜ ਸ਼ਕਲ ਨਾ ਵਖਾਉਂਦੀ ।


ਇਕ ਦੋ ਘੜੀ ਦੀ ਮਿਲਣੀ


ਕਿਸੇ ਅਜ਼ਲ ਤੋਂ ਲੰਮੇਂ,


ਹਰ ਆਹ ਫ਼ਲਸਫ਼ੇ ਦਾ


ਕੋਈ ਗੀਤ ਗੁਣਗੁਣਾਉਂਦੀ ।


ਜ਼ਿੰਦਗੀ ਦੇ ਮੇਲ ਹਰਦਮ


ਆਸਾਂ ਤੇ ਰਹਿਣ ਨੱਚਦੇ,


ਆਵੇ ਨਿਗਾਹ ਤੋਂ ਛੋਹਲੀ


ਪਈ ਮੌਤ ਮੁਸਕਰਾਉਂਦੀ ।


ਸਾਹਾਂ ਦੀ ਰਾਸ ਲੁੱਟ ਲਈ


ਮਹਿਰਮ ਦੇ ਲਾਰਿਆਂ ਨੇ,


ਗੰਗਾ ਵੀ ਚਾਤ੍ਰਿਕ ਦੀ


ਨਹੀਂ ਪਿਆਸ ਹੈ ਬੁਝਾਉਂਦੀ ।


ਰੱਬ ਨਾਂ ਇਸ਼ਕ ਦਾ ਸੁਣਿਐਂ


ਕਹਿੰਦੇ ਨੇ ਇਸ਼ਕ ਰੱਬ ਹੈ,


ਕਿਉਂ ਜੱਗ ਇਸ਼ਕ ਦਾ ਵੈਰੀ


ਹੈ ਸੋਚ ਵੈਣ ਪਾਉਂਦੀ ।


--------------------------


ਸੋਗ


ਰੋਜ਼ ਮੈਂ ਤਾਰਾ ਤਾਰਾ ਗਿਣ


ਰਾਤ ਬਿਤਾਉਂਦਾ ਹਾਂ


ਰੋਜ਼ ਮੈਂ ਤੇਰੇ ਸਿਰ ਤੋਂ ਸੂਰਜ


ਵਾਰ ਕੇ ਆਉਂਦਾ ਹਾਂ ।


ਜਦ ਰੋਹੀਆਂ ਵਿਚ ਪੰਛੀ ਤੜਕੇ


ਵਾਕ ਕੋਈ ਲੈਂਦਾ ਹੈ


ਮੈਂ ਆਪਣੇ ਸੰਗ ਸੁੱਤਾ ਆਪਣਾ


ਗੀਤ ਜਗਾਉਂਦਾ ਹਾਂ ।


ਫਿਰ ਜਦ ਮੈਨੂੰ ਸੂਰਜ ਘਰ ਦੇ


ਮੋੜ 'ਤੇ ਮਿਲਦਾ ਹੈ


ਨਦੀਏ ਰੋਜ਼ ਨਹਾਵਣ


ਉਹਦੇ ਨਾਲ ਮੈਂ ਜਾਂਦਾ ਹਾਂ ।


ਮੈਂ ਤੇ ਸੂਰਜ ਜਦੋਂ ਨਹਾ ਕੇ


ਘਰ ਨੂੰ ਮੁੜਦੇ ਹਾਂ


ਮੈਂ ਸੂਰਜ ਲਈ ਵਿਹੜੇ ਨਿੰਮ ਦਾ


ਪੀਹੜਾ ਡਾਹੁੰਦਾ ਹਾਂ ।


ਮੈਂ ਤੇ ਸੂਰਜ ਬੈਠ ਕੇ ਜਦ ਫਿਰ


ਗੱਲਾਂ ਕਰਦੇ ਹਾਂ


ਮੈਂ ਸੂਰਜ ਨੂੰ ਤੇਰੀ ਛਾਂ ਦੀ


ਗੱਲ ਸੁਣਾਉਂਦਾ ਹਾਂ ।


ਛਾਂ ਦੀ ਗੱਲ ਸੁਣਾਉਂਦੇ ਜਦ ਮੈਂ


ਕੰਬਣ ਲੱਗਦਾ ਹਾਂ


ਮੈਂ ਸੂਰਜ ਦੇ ਗੋਰੇ ਗਲ ਵਿਚ


ਬਾਹਵਾਂ ਪਾਉਂਦਾ ਹਾਂ ।


ਫਿਰ ਜਦ ਸੂਰਜ ਮੇਰੇ ਘਰ ਦੀ


ਕੰਧ ਉਤਰਦਾ ਹੈ


ਮੈਂ ਆਪਣੇ ਹੀ ਪਰਛਾਵੇਂ ਤੋਂ


ਡਰ ਡਰ ਜਾਂਦਾ ਹਾਂ ।


ਮੈਂ ਤੇ ਸੂਰਜ ਘਰ ਦੇ ਮੁੜ


ਪਿਛਵਾੜੇ ਜਾਂਦੇ ਹਾਂ


ਮੈਂ ਉਹਨੂੰ ਆਪਣੇ ਘਰ ਦੀ


ਮੋਈ ਧੁੱਪ ਵਿਖਾਉਂਦਾ ਹਾਂ ।


ਜਦ ਸੂਰਜ ਮੇਰੀ ਮੋਈ ਧੁੱਪ ਲਈ


ਅੱਖੀਆਂ ਭਰਦਾ ਹੈ


ਮੈਂ ਸੂਰਜ ਨੂੰ ਗਲ ਵਿਚ ਲੈ ਕੇ


ਚੁੱਪ ਕਰਾਉਂਦਾ ਹਾਂ ।


ਮੈਂ ਤੇ ਸੂਰਜ ਫੇਰ ਚੁਪੀਤੇ


ਤੁਰਦੇ ਜਾਂਦੇ ਹਾਂ


ਰੋਜ਼ ਮੈਂ ਉਹਨੂੰ ਪਿੰਡ ਦੀ ਜੂਹ ਤਕ


ਤੋਰ ਕੇ ਆਉਂਦਾ ਹਾਂ ।


ਰੋਜ਼ ਉਦਾਸਾ ਸੂਰਜ ਨਦੀਏ


ਡੁੱਬ ਕੇ ਮਰਦਾ ਹੈ


ਤੇ ਮੈਂ ਰੋਜ਼ ਮਰੇ ਹੋਏ ਦਿਨ ਦਾ


ਸੋਗ ਮਨਾਉਂਦਾ ਹਾਂ ।


--------------------------


ਸ਼ਹਿਰ ਤੇਰੇ ਤਰਕਾਲਾਂ ਢਲੀਆਂ


ਸ਼ਹਿਰ ਤੇਰੇ ਤਰਕਾਲਾਂ ਢਲੀਆਂ


ਗਲ ਲੱਗ ਰੋਈਆਂ ਤੇਰੀਆਂ ਗਲੀਆਂ


ਯਾਦਾਂ ਦੇ ਵਿਚ ਮੁੜ ਮੁੜ ਸੁਲਗਣ


ਮਹਿੰਦੀ ਲਗੀਆਂ ਤੇਰੀਆਂ ਤਲੀਆਂ


ਮੱਥੇ ਦਾ ਦੀਵਾ ਨਾ ਬਲਿਆ


ਤੇਲ ਤਾਂ ਪਾਇਆ ਭਰ ਭਰ ਪਲੀਆਂ


ਇਸ਼ਕ ਮੇਰੇ ਦੀ ਸਾਲ-ਗਿਰ੍ਹਾ 'ਤੇ


ਇਹ ਕਿਸ ਘੱਲੀਆਂ ਕਾਲੀਆਂ ਕਲੀਆਂ


'ਸ਼ਿਵ' ਨੂੰ ਯਾਰ ਆਏ ਜਦ ਫੂਕਣ


ਸਿਤਮ ਤੇਰੇ ਦੀਆਂ ਗੱਲਾਂ ਚਲੀਆਂ

Shiv Kumar Batalvi Poems | Shiv Kumar Batalvi Shayari | shiv kumar batalvi quotes

ਹਾਦਸਾ

ਗੀਤ ਦਾ ਤੁਰਦਾ ਕਾਫ਼ਲਾ

ਮੁੜ ਹੋ ਗਿਆ ਬੇਆਸਰਾ

ਮੱਥੇ 'ਤੇ ਹੋਣੀ ਲਿਖ ਗਈ

ਇਕ ਖ਼ੂਬਸੂਰਤ ਹਾਦਸਾ ।

ਇਕ ਨਾਗ ਚਿੱਟੇ ਦਿਵਸ ਦਾ

ਇਕ ਨਾਗ ਕਾਲੀ ਰਾਤ ਦਾ

ਇਕ ਵਰਕ ਨੀਲਾ ਕਰ ਗਏ

ਕਿਸੇ ਗੀਤ ਦੇ ਇਤਿਹਾਸ ਦਾ ।

ਸ਼ਬਦਾਂ ਦੇ ਕਾਲੇ ਥਲਾਂ ਵਿਚ

ਮੇਰਾ ਗੀਤ ਸੀ ਜਦ ਮਰ ਰਿਹਾ

ਉਹ ਗੀਤ ਤੇਰੀ ਪੈੜ ਨੂੰ

ਮੁੜ ਮੁੜ ਪਿਆ ਸੀ ਝਾਕਦਾ ।

ਅੰਬਰ ਦੀ ਥਾਲੀ ਤਿੜਕ ਗਈ

ਸੁਣ ਜ਼ਿਕਰ ਮੋਏ ਗੀਤ ਦਾ

ਧਰਤੀ ਦਾ ਛੰਨਾ ਕੰਬਿਆ

ਭਰਿਆ ਹੋਇਆ ਵਿਸ਼ਵਾਸ ਦਾ ।

ਜ਼ਖ਼ਮੀ ਹੈ ਪਿੰਡਾ ਸੋਚ ਦਾ

ਜ਼ਖ਼ਮੀ ਹੈ ਪਿੰਡਾ ਆਸ ਦਾ

ਅੱਜ ਫੇਰ ਮੇਰੇ ਗੀਤ ਲਈ

ਕਫ਼ਨ ਨਾ ਮੈਥੋਂ ਪਾਟਦਾ ।

ਅੱਜਫੇਰ ਹਰ ਇਕ ਸ਼ਬਦ ਦੇ

ਨੈਣਾਂ 'ਚ ਹੰਝੂ ਆ ਗਿਆ

ਧਰਤੀ ਤੇ ਕਰਜ਼ਾ ਚੜ੍ਹ ਗਿਆ

ਮੇਰੇ ਗੀਤ ਦੀ ਇਕ ਲਾਸ਼ ਦਾ ।

ਕਾਗ਼ਜ਼ ਦੀ ਨੰਗੀ ਕਬਰ 'ਤੇ

ਇਹ ਗੀਤ ਜੋ ਅੱਜ ਸੌਂ ਗਿਆ

ਇਹ ਗੀਤ ਸਾਰੇ ਜੱਗ ਨੂੰ

ਪਾਵੇ ਵਫ਼ਾ ਦਾ ਵਾਸਤਾ ।


ਕਿਸਮਤ


ਅੱਜ ਕਿਸਮਤ ਮੇਰੇ ਗੀਤਾਂ ਦੀ


ਹੈ ਕਿਸ ਮੰਜ਼ਿਲ 'ਤੇ ਆਣ ਖੜੀ


ਜਦ ਗੀਤਾਂ ਦੇ ਘਰ ਨ੍ਹੇਰਾ ਹੈ


ਤੇ ਬਾਹਰ ਮੇਰੀ ਧੁੱਪ ਚੜ੍ਹੀ ।


ਇਸ ਸ਼ਹਿਰ 'ਚ ਮੇਰੇ ਗੀਤਾਂ ਦਾ


ਕੋਈ ਇਕ ਚਿਹਰਾ ਵੀ ਵਾਕਫ਼ ਨਹੀਂ


ਪਰ ਫਿਰ ਵੀ ਮੇਰੇ ਗੀਤਾਂ ਨੂੰ


ਆਵਾਜ਼ਾਂ ਦੇਵੇ ਗਲੀ ਗਲੀ ।


ਮੈਨੂੰ ਲੋਕ ਕਹਿਣ ਮੇਰੇ ਗੀਤਾਂ ਨੇ


ਮਹਿਕਾਂ ਦੀ ਜੂਨ ਹੰਢਾਈ ਹੈ


ਪਰ ਲੋਕ ਵਿਚਾਰੇ ਕੀ ਜਾਨਣ


ਗੀਤਾਂ ਦੀ ਵਿਥਿਆ ਦਰਦ ਭਰੀ ।


ਮੈਂ ਹੰਝੂ ਹੰਝੂ ਰੋ ਰੋ ਕੇ


ਆਪਣੀ ਤਾਂ ਅਉਧ ਹੰਢਾ ਬੈਠਾਂ


ਕਿੰਜ ਅਉਧ ਹੰਢਾਵਾਂ ਗੀਤਾਂ ਦੀ


ਜਿਨ੍ਹਾਂ ਗੀਤਾਂ ਦੀ ਤਕਦੀਰ ਸੜੀ ।


ਬਦਕਿਸਮਤ ਮੇਰੇ ਗੀਤਾਂ ਨੂੰ


ਕਿਸ ਵੇਲੇ ਨੀਂਦਰ ਆਈ ਹੈ


ਜਦ ਦਿਲ ਦੇ ਵਿਹੜੇ ਪੀੜਾਂ ਦੀ


ਹੈ ਗੋਡੇ ਗੋਡੇ ਧੁੱਪ ਚੜ੍ਹੀ ।


ਇਕ ਸੂਰਜ ਨੇ ਮੇਰੇ ਗੀਤਾਂ ਨੂੰ


ਕਿਰਨਾਂ ਦੀ ਦਾਅਵਤ ਜਦ ਆਖੀ


ਇਕ ਬੁਰਕੀ ਮਿੱਸੇ ਚਾਨਣ ਦੀ


ਗੀਤਾਂ ਦੇ ਸੰਘ ਵਿਚ ਆਣ ਅੜੀ ।


ਮੇਰੇ ਗੀਤਾਂ ਭਰੀ ਕਹਾਣੀ ਦਾ


ਕਿਆ ਅੰਤ ਗ਼ਜ਼ਬ ਦਾ ਹੋਇਆ ਹੈ


ਜਦ ਆਈ ਜਵਾਨੀ ਗੀਤਾਂ 'ਤੇ


ਗੀਤਾਂ ਦੀ ਅਰਥੀ ਉੱਠ ਚੱਲੀ ।

Shiv Kumar Batalvi Poems | Shiv Kumar Batalvi Shayari | shiv kumar batalvi quotes

ਕੀ ਪੁੱਛਦਿਉ ਹਾਲ ਫ਼ਕੀਰਾਂ ਦਾ


ਕੀ ਪੁੱਛਦਿਉ ਹਾਲ ਫ਼ਕੀਰਾਂ ਦਾ


ਸਾਡਾ ਨਦੀਓਂ ਵਿਛੜੇ ਨੀਰਾਂ ਦਾ


ਸਾਡਾ ਹੰਝ ਦੀ ਜੂਨੇ ਆਇਆਂ ਦਾ


ਸਾਡਾ ਦਿਲ ਜਲਿਆਂ ਦਿਲਗੀਰਾਂ ਦਾ


ਇਹ ਜਾਣਦਿਆਂ ਕੁਝ ਸ਼ੋਖ਼ ਜਹੇ


ਰੰਗਾਂ ਦਾ ਹੀ ਨਾਂ ਤਸਵੀਰਾਂ ਹੈ


ਜਦ ਹੱਟ ਗਏ ਅਸੀਂ ਇਸ਼ਕੇ ਦੀ


ਮੁੱਲ ਕਰ ਬੈਠੇ ਤਸਵੀਰਾਂ ਦਾ


ਸਾਨੂੰ ਲੱਖਾਂ ਦਾ ਤਨ ਲੱਭ ਗਿਆ


ਪਰ ਇਕ ਦਾ ਮਨ ਵੀ ਨਾ ਮਿਲਿਆ


ਕਿਆ ਲਿਖਿਆ ਕਿਸੇ ਮੁਕੱਦਰ ਸੀ


ਹੱਥਾਂ ਦੀਆਂ ਚਾਰ ਲਕੀਰਾਂ ਦਾ


ਤਕਦੀਰ ਤਾਂ ਆਪਣੀ ਸੌਂਕਣ ਸੀ


ਤਦਬੀਰਾਂ ਸਾਥੋਂ ਨਾ ਹੋਈਆਂ


ਨਾ ਝੰਗ ਛੁੱਟਿਆ ਨਾ ਕੰਨ ਪਾਟੇ


ਝੁੰਡ ਲੰਘ ਗਿਆ ਇੰਜ ਹੀਰਾਂ ਦਾ


ਮੇਰੇ ਗੀਤ ਵੀ ਲੋਕ ਸੁਣੀਂਦੇ ਨੇ


ਨਾਲੇ ਕਾਫ਼ਰ ਆਖ ਸਦੀਂਦੇ ਨੇ


ਮੈਂ ਦਰਦ ਨੂੰ ਕਾਅਬਾ ਕਹਿ ਬੈਠਾ


ਰੱਬ ਨਾਂ ਰੱਖ ਬੈਠਾ ਪੀੜਾਂ ਦਾ


ਮੈਂ ਦਾਨਸ਼ਵਰਾਂ ਸੁਣੀਂਦਿਆਂ ਸੰਗ


ਕਈ ਵਾਰ ਉੱਚੀ ਬੋਲ ਪਿਆ


ਕੁਝ ਮਾਣ ਸੀ ਸਾਨੂੰ ਇਸ਼ਕੇ ਦਾ


ਕੁਝ ਦਾਅਵਾ ਵੀ ਸੀ ਪੀੜਾਂ ਦਾ


ਤੂੰ ਖ਼ੁਦ ਨੂੰ ਆਕਲ ਕਹਿੰਦਾ ਹੈਂ


ਮੈਂ ਖ਼ੁਦ ਨੂੰ ਆਸ਼ਕ ਦੱਸਦਾ ਹਾਂ


ਇਹ ਲੋਕਾਂ 'ਤੇ ਛੱਡ ਦੇਈਏ


ਕਿਨੂੰ ਮਾਣ ਨੇ ਦੇਂਦੇ ਪੀਰਾਂ ਦਾ ।


ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ


ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ


ਚੰਨ ਦਾ ਸਾਰਾ ਹੀ ਚਾਨਣ ਰੁੜ੍ਹ ਗਿਆ


ਪੀੜ ਪਾ ਕੇ ਝਾਂਜਰਾਂ ਕਿਧਰ ਟੁਰੀ


ਕਿਹੜੇ ਪੱਤਣੀਂ ਗ਼ਮ ਦਾ ਮੇਲਾ ਜੁੜ ਗਿਆ


ਛੱਡ ਕੇ ਅਕਲਾਂ ਦਾ ਝਿੱਕਾ ਆਲ੍ਹਣਾ


ਉੜ ਗਿਆ ਹਿਜਰਾਂ ਦਾ ਪੰਛੀ ਉੜ ਗਿਆ


ਹੈ ਕੋਈ ਸੂਈ ਕੰਧੂਈ ਦੋਸਤੋ


ਵਕਤ ਦੇ ਪੈਰਾਂ 'ਚ ਕੰਡਾ ਪੁੜ ਗਿਆ


ਸ਼ੁਹਰਤਾਂ ਦੀ ਧੜ ਤੇ ਸੂਰਤ ਵੀ ਹੈ


ਫਿਰ ਵੀ ਖੌਰੇ ਕੀ ਹੈ ਮੇਰਾ ਥੁੜ ਗਿਆ


ਗ਼ਮਾਂ ਦੀ ਰਾਤ


ਗ਼ਮਾਂ ਦੀ ਰਾਤ ਲੰਮੀ ਏ


ਜਾਂ ਮੇਰੇ ਗੀਤ ਲੰਮੇ ਨੇ ।


ਨਾ ਭੈੜੀ ਰਾਤ ਮੁੱਕਦੀ ਏ,


ਨਾ ਮੇਰੇ ਗੀਤ ਮੁੱਕਦੇ ਨੇ ।


ਇਹ ਸਰ ਕਿੰਨੇ ਕੁ ਡੂੰਘੇ ਨੇ


ਕਿਸੇ ਨੇ ਹਾਥ ਨਾ ਪਾਈ,


ਨਾ ਬਰਸਾਤਾਂ 'ਚ ਚੜ੍ਹਦੇ ਨੇ


ਤੇ ਨਾ ਔੜਾਂ 'ਚ ਸੁੱਕਦੇ ਨੇ ।


ਮੇਰੇ ਹੱਡ ਹੀ ਅਵੱਲੇ ਨੇ


ਜੋ ਅੱਗ ਲਾਇਆਂ ਨਹੀਂ ਸੜਦੇ


ਨਾ ਸੜਦੇ ਹਉਕਿਆਂ ਦੇ ਨਾਲ


ਹਾਵਾਂ ਨਾਲ ਧੁਖਦੇ ਨੇ ।


ਇਹ ਫੱਟ ਹਨ ਇਸ਼ਕ ਦੇ ਯਾਰੋ


ਇਹਨਾਂ ਦੀ ਕੀ ਦਵਾ ਹੋਵੇ


ਇਹ ਹੱਥ ਲਾਇਆਂ ਵੀ ਦੁਖਦੇ ਨੇ


ਮਲ੍ਹਮ ਲਾਇਆਂ ਵੀ ਦੁਖਦੇ ਨੇ ।


ਜੇ ਗੋਰੀ ਰਾਤ ਹੈ ਚੰਨ ਦੀ


ਤਾਂ ਕਾਲੀ ਰਾਤ ਹੈ ਕਿਸ ਦੀ ?


ਨਾ ਲੁਕਦੇ ਤਾਰਿਆਂ ਵਿਚ ਚੰਨ


ਨਾ ਤਾਰੇ ਚੰਨ 'ਚ ਲੁਕਦੇ ਨੇ ।

Shiv Kumar Batalvi Poems | Shiv Kumar Batalvi Shayari | shiv kumar batalvi quotes

ਚੰਬੇ ਦਾ ਫੁੱਲ


ਅੱਜ ਇਕ ਚੰਬੇ ਦਾ ਫੁੱਲ ਮੋਇਆ


ਅੱਜ ਇਕ ਚੰਬੇ ਦਾ ਫੁੱਲ ਮੋਇਆ


ਗਲ ਪੌਣਾਂ ਦੇ ਪਾ ਕੇ ਬਾਹੀਂ


ਗੋਰਾ ਚੇਤਰ ਛਮ ਛਮ ਰੋਇਆ


ਅੱਜ ਇਕ ਚੰਬੇ ਦਾ ਫੁੱਲ ਮੋਇਆ


ਚੇਤਰ ਦੇ ਬੁੱਲ੍ਹ ਨੀਲੇ ਨੀਲੇ


ਮੁੱਖੜਾ ਵਾਂਗ ਵਸਾਰਾਂ ਹੋਇਆ


ਨੈਣੀਂ ਲੱਖ ਮਾਤਮੀ ਛੱਲੇ


ਗਲ੍ਹ ਵਿਚ ਪੈ ਪੈ ਜਾਵੇ ਟੋਇਆ


ਅੱਜ ਇਕ ਚੰਬੇ ਦਾ ਫੁੱਲ ਮੋਇਆ


ਅੱਧੀ ਰਾਤੀਂ ਰੋਵੇ ਚੇਤਰ


ਪੌਣਾਂ ਦਾ ਦਿਲ ਜ਼ਖ਼ਮੀ ਹੋਇਆ


ਡੂੰਘੇ ਵੈਣ ਬੜੇ ਦਰਦੀਲੇ


ਸੁਣ ਕੇ ਸਾਰਾ ਆਲਮ ਰੋਇਆ


ਅੱਜ ਇਕ ਚੰਬੇ ਦਾ ਫੁੱਲ ਮੋਇਆ


ਲੱਖ ਚੇਤਰ ਨੂੰ ਦੇਵਾਂ ਮੱਤੀਂ


ਰਾਮ ਵੀ ਮੋਇਆ ਰਾਵਣ ਮੋਇਆ


ਤਾਂ ਕੀ ਹੋਇਆ ਜੇ ਇਕ ਤੇਰਾ


ਸਮਿਆਂ ਟਾਹਣਾਂ ਤੋਂ ਫੁੱਲ ਖੋਹਿਆ


ਅੱਜ ਇਕ ਚੰਬੇ ਦਾ ਫੁੱਲ ਮੋਇਆ


ਪਰ ਚੇਤਰ ਤਾਂ ਡਾਢਾ ਭਰਮੀ


ਉਸ ਪੁਰ ਰੱਤੀ ਅਸਰ ਨਾ ਹੋਇਆ


ਪੈ ਪੈ ਜਾਣ ਨੀ ਦੰਦਲਾਂ ਉਹਨੂੰ


ਅੰਬਰ ਮੂੰਹ ਵਿਚ ਚਾਨਣ ਚੋਇਆ


ਅੱਜ ਇਕ ਚੰਬੇ ਦਾ ਫੁੱਲ ਮੋਇਆ


ਗਲ ਪੌਣਾਂ ਦੇ ਪਾ ਕੇ ਬਾਹੀਂ


ਗੋਰਾ ਚੇਤਰ ਛਮ ਛਮ ਰੋਇਆ


ਅੱਜ ਇਕ ਚੰਬੇ ਦਾ ਫੁੱਲ ਮੋਇਆ


ਡਾਚੀ ਸਹਿਕਦੀ


ਜੇ ਡਾਚੀ ਸਹਿਕਦੀ ਸੱਸੀ ਨੂੰ


ਪੁਨੂੰ ਥੀਂ ਮਿਲਾ ਦੇਂਦੀ ।


ਤਾਂ ਤੱਤੀ ਮਾਣ ਸੱਸੀ ਦਾ


ਉਹ ਮਿੱਟੀ ਵਿਚ ਰੁਲਾ ਦੇਂਦੀ ।


ਭਲੀ ਹੋਈ ਕਿ ਸਾਰਾ ਸਾਉਣ ਹੀ


ਬਰਸਾਤ ਨਾ ਹੋਈ,


ਪਤਾ ਕੀ ਆਲ੍ਹਣੇ ਦੇ ਟੋਟਰੂ


ਬਿਜਲੀ ਜਲਾ ਦੇਂਦੀ ।


ਮੈਂ ਅਕਸਰ ਵੇਖਿਐ-


ਕਿ ਤੇਲ ਹੁੰਦਿਆਂ ਸੁੰਦਿਆਂ ਦੀਵੇ,


ਹਵਾ ਕਈ ਵਾਰ ਦਿਲ ਦੀ


ਮੌਜ ਖ਼ਾਤਰ ਹੈ ਬੁਝਾ ਦੇਂਦੀ ।


ਭੁਲੇਖਾ ਹੈ ਕਿ ਜ਼ਿੰਦਗੀ


ਪਲ ਦੋ ਪਲ ਲਈ ਘੂਕ ਸੌਂ ਜਾਂਦੀ,


ਜੇ ਪੰਛੀ ਗ਼ਮ ਦਾ ਦਿਲ ਦੀ


ਸੰਘਣੀ ਜੂਹ 'ਚੋਂ ਉਡਾ ਦੇਂਦੀ ।


ਹਕਕੀਤ ਇਸ਼ਕ ਦੀ


ਜੇ ਮਹਿਜ ਹੁੰਦੀ ਖੇਡ ਜਿਸਮਾਂ ਦੀ,


ਤਾਂ ਦੁਨੀਆਂ ਅੱਜ ਤੀਕਣ


ਨਾਂ ਤੇਰਾ ਮੇਰਾ ਭੁਲਾ ਦੇਂਦੀ ।


ਮੈਂ ਬਿਨ ਸੂਲਾਂ ਦੇ ਰਾਹ 'ਤੇ


ਕੀ ਟੁਰਾਂ ਮੈਨੂੰ ਸ਼ਰਮ ਆਉਂਦੀ ਹੈ,


ਮੈਂ ਅੱਖੀਂ ਵੇਖਿਐ


ਕਿ ਹਰ ਕਲੀ ਓੜਕ ਦਗ਼ਾ ਦੇਂਦੀ ।


ਵਸਲ ਦਾ ਸਵਾਦ ਤਾਂ


ਇਕ ਪਲ ਦੋ ਪਲ ਦੀ ਮੌਜ ਤੋਂ ਵੱਧ ਨਹੀਂ,


ਜੁਦਾਈ ਹਸ਼ਰ ਤੀਕਣ


ਆਦਮੀ ਨੂੰ ਹੈ ਨਸ਼ਾ ਦੇਂਦੀ ।


ਜਦ ਵੀ ਤੇਰਾ ਦੀਦਾਰ ਹੋਵੇਗਾ


ਜਦ ਵੀ ਤੇਰਾ ਦੀਦਾਰ ਹੋਵੇਗਾ


ਝੱਲ ਦਿਲ ਦਾ ਬੀਮਾਰ ਹੋਵੇਗਾ


ਕਿਸੇ ਵੀ ਜਨਮ ਆ ਕੇ ਵੇਖ ਲਵੀਂ


ਤੇਰਾ ਹੀ ਇੰਤਜ਼ਾਰ ਹੋਵੇਗਾ


ਜਿਥੇ ਭੱਜਿਆ ਵੀ ਨਾ ਮਿਲੂ ਦੀਵਾ


ਸੋਈਉ ਮੇਰਾ ਮਜ਼ਾਰ ਹੋਵੇਗਾ


ਕਿਸ ਨੇ ਮੈਨੂੰ ਆਵਾਜ਼ ਮਾਰੀ ਹੈ


ਕੋਈ ਦਿਲ ਦਾ ਬੀਮਾਰ ਹੋਵੇਗਾ


ਇੰਞ ਲੱਗਦਾ ਹੈ 'ਸ਼ਿਵ' ਦੇ ਸ਼ਿਅਰਾਂ 'ਚੋਂ


ਕੋਈ ਧੁਖ਼ਦਾ ਅੰਗਾਰ ਹੋਵੇਗਾ

Shiv Kumar Batalvi Poems | Shiv Kumar Batalvi Shayari | shiv kumar batalvi quotes

ਜਾਚ ਮੈਨੂੰ ਆ ਗਈ


ਜਾਚ ਮੈਨੂੰ ਆ ਗਈ ਗ਼ਮ ਖਾਣ ਦੀ ।

ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ ।

ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ,

ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ ।

ਮਰ ਤੇ ਜਾਂ ਪਰ ਡਰ ਹੈ ਦੱਮਾਂ ਵਾਲਿਓ,

ਧਰਤ ਵੀ ਵਿਕਦੀ ਹੈ ਮੁੱਲ ਸ਼ਮਸ਼ਾਨ ਦੀ ।

ਨਾ ਦਿਓ ਮੈਨੂੰ ਸਾਹ ਉਧਾਰੇ ਦੋਸਤੋ,

ਲੈ ਕੇ ਮੁੜ ਹਿੰਮਤ ਨਹੀਂ ਪਰਤਾਣ ਦੀ ।

ਨਾ ਕਰੋ 'ਸ਼ਿਵ' ਦੀ ਉਦਾਸੀ ਦਾ ਇਲਾਜ,

ਰੋਣ ਦੀ ਮਰਜ਼ੀ ਹੈ ਅੱਜ ਬੇਈਮਾਨ ਦੀ ।


ਤੀਰਥ


ਮਾਏ ਨੀ ਅਸੀਂ ਕਰਨ ਬ੍ਰਿਹੋਂ ਦਾ

ਤੀਰਥ ਹਾਂ ਅੱਜ ਚੱਲੇ

ਖੋਟੇ ਦਮ ਮੁਹੱਬਤ ਵਾਲੇ

ਬੰਨ੍ਹ ਉਮਰਾਂ ਦੇ ਪੱਲੇ ।

ਸੱਦ ਸੁਨਿਆਰੇ ਪ੍ਰੀਤ-ਨਗਰ ਦੇ

ਇਕ ਇਕ ਕਰਕੇ ਮੋੜਾਂ

ਸੋਨਾ ਸਮਝ ਵਿਹਾਜੇ ਸਨ ਜੋ

ਮੈਂ ਪਿੱਤਲ ਦੇ ਛੱਲੇ ।

ਮਾਏ ਨੀ ਅਸੀਂ ਕਰਨ ਬ੍ਰਿਹੋਂ ਦਾ

ਤੀਰਥ ਹਾਂ ਅੱਜ ਚੱਲੇ

ਯਾਦਾਂ ਦਾ ਇਕ ਮਿੱਸਾ ਟੁੱਕਰ

ਬੰਨ੍ਹ ਉਮਰਾਂ ਦੇ ਪੱਲੇ ।

ਕਰਾਂ ਸਰਾਧ ਪਰੋਹਤ ਸੱਦਾਂ

ਪੀੜ ਮਰੇ ਜੇ ਦਿਲ ਦੀ

ਦਿਆਂ ਦੱਖਣਾ ਸੁੱਚੇ ਮੋਤੀ

ਕਰਨ ਜ਼ਖ਼ਮ ਜੇ ਅੱਲੇ ।

ਮਾਏ ਨੀ ਅਸੀਂ ਕਰਨ ਬ੍ਰਿਹੋਂ ਦਾ

ਤੀਰਥ ਹਾਂ ਅੱਜ ਚੱਲੇ

ਗੀਤਾਂ ਦਾ ਇਕ ਹਾੜ ਤਪੰਦਾ

ਬੰਨ੍ਹ ਉਮਰਾਂ ਦੇ ਪੱਲੇ ।

ਤਾੜੀ ਮਾਰ ਉੱਡਦੇ ਨਾਹੀਂ

ਬੱਦਲਾਂ ਦੇ ਮਾਲੀ ਤੋਂ

ਅੱਜ ਕਿਰਨਾਂ ਦੇ ਕਾਠੇ ਤੋਤੇ

ਧਰਤੀ ਨੂੰ ਟੁੱਕ ਚੱਲੇ ।

ਮਾਏ ਨੀ ਅਸੀਂ ਕਰਨ ਬ੍ਰਿਹੋਂ ਦਾ

ਤੀਰਥ ਹਾਂ ਅੱਜ ਚੱਲੇ

ਮਹਿਕ ਸੱਜਣ ਦੇ ਸਾਹਾਂ ਦੀ

ਅੱਜ ਬੰਨ੍ਹ ਉਮਰਾਂ ਦੇ ਪੱਲੇ ।

ਕੋਤਰ ਸੌ ਮੈਂ ਕੰਜਕ ਬ੍ਹਾਵਾਂ

ਨਾਲ ਲੰਕੜਾ ਪੂਜਾਂ

ਜੇ ਰੱਬ ਯਾਰ ਮਿਲਾਏ ਛੇਤੀ

ਛੇਤੀ ਮੌਤਾਂ ਜਾਂ ਘੱਲੇ ।

ਮਾਏ ਨੀ ਅਸੀਂ ਕਰਨ ਬ੍ਰਿਹੋਂ ਦਾ

ਤੀਰਥ ਹਾਂ ਅੱਜ ਚੱਲੇ

ਚੜ੍ਹੀ ਜਵਾਨੀ ਦਾ ਫੁੱਲ ਕਾਰਾ

ਬੰਨ੍ਹ ਉਮਰਾਂ ਦੇ ਪੱਲੇ ।

ਸ਼ਹਿਦ ਸੁਆਵਾਂ ਦਾ ਕਿੰਜ ਪੀਵੇ

ਕਾਲੀ ਰਾਤ ਮਖੋਰੀ

ਚੰਨ ਦੇ ਖੱਗਿਓਂ ਚਾਨਣ 'ਚੋਂ ਅੱਜ

ਲੈ ਗਏ ਮੇਘ ਨਿਗੱਲੇ ।

ਮਾਏ ਨੀ ਅਸੀਂ ਕਰਨ ਬ੍ਰਿਹੋਂ ਦਾ

ਤੀਰਥ ਹਾਂ ਅੱਜ ਚੱਲੇ

ਭੁੱਬਲ ਤਪੀ ਦਿਲ ਦੇ ਥਲ ਦੀ

ਬੰਨ੍ਹ ਉਮਰਾਂ ਦੇ ਪੱਲੇ ।

ਹੇਕ ਗੁਲੇਲੀਆਂ ਵਰਗੀ ਲਾ ਕੇ

ਗਾਵਣ ਗੀਤ ਹਿਜਰ ਦੇ

ਅੱਜ ਪਰਦੇਸਣ ਪੌਣਾਂ ਥੱਕੀਆਂ

ਬਹਿ ਰੁੱਖਾਂ ਦੇ ਥੱਲੇ ।

ਮਾਏ ਨੀ ਅਸੀਂ ਕਰਨ ਬ੍ਰਿਹੋਂ ਦਾ

ਤੀਰਥ ਹਾਂ ਅੱਜ ਚੱਲੇ

ਹੰਝੂਆਂ ਦੀ ਇਕ ਕੂਲ੍ਹ ਵਗੇਂਦੀ

ਬੰਨ੍ਹ ਉਮਰਾਂ ਦੇ ਪੱਲੇ ।

ਇਕ ਹੱਥ ਕਾਸਾ ਇਕ ਹੱਥ ਮਾਲਾ

ਗਲ ਵਿਚ ਪਾ ਕੇ ਬਗਲੀ

ਜਿਤ ਵੱਲ ਯਾਰ ਗਿਆ ਨੀ ਮਾਏ

ਟੁਰ ਚੱਲੀਆਂ ਉੱਤ ਵੱਲੇ ।

Shiv Kumar Batalvi Poems | Shiv Kumar Batalvi Shayari | shiv kumar batalvi quotes

ਤੂੰ ਵਿਦਾ ਹੋਇਉਂ


ਤੂੰ ਵਿਦਾ ਹੋਇਉਂ ਮੇਰੇ ਦਿਲ ਤੇ ਉਦਾਸੀ ਛਾ ਗਈ


ਪੀੜ ਦਿਲ ਦੀ ਬੂੰਦ ਬਣ ਕੇ ਅੱਖੀਆਂ ਵਿਚ ਆ ਗਈ


ਦੂਰ ਤਕ ਮੇਰੀ ਨਜ਼ਰ ਤੇਰੀ ਪੈੜ ਚੁੰਮਦੀ ਰਹੀ


ਫੇਰ ਤੇਰੀ ਪੈੜ ਰਾਹਾਂ ਦੀ ਮਿੱਟੀ ਖਾ ਗਈ


ਤੁਰਨ ਤੋਂ ਪਹਿਲਾ ਸੀ ਤੇਰੇ ਜੋਬਨ ਤੇ ਬਹਾਰ


ਤੁਰਨ ਪਿੱਛੋਂ ਵੇਖਿਆ ਕਿ ਹਰ ਕਲੀ ਕੁਮਲਾ ਗਈ


ਉਸ ਦਿਨ ਪਿੱਛੋਂ ਅਸਾਂ ਨਾ ਬੋਲਿਆ ਨਾ ਵੇਖਿਆ


ਇਹ ਜ਼ਬਾਂ ਖਾਮੋਸ਼ ਹੋ ਗਈ ਤੇ ਨਜ਼ਰ ਪਥਰਾ ਗਈ


ਇਸ਼ਕ ਨੂੰ ਸੌਗਾਤ ਜਿਹੜੀ ਪੀੜ ਸੈਂ ਤੂੰ ਦੇ ਗਿਉਂ


ਅੰਤ ਉਹੀਉ ਪੀੜ 'ਸ਼ਿਵ' ਨੂੰ ਖਾਂਦੀ ਖਾਂਦੀ ਖਾ ਗਈ


ਦਿਲ ਗ਼ਰੀਬ-ਅੱਜ ਫੇਰ ਦਿਲ ਗ਼ਰੀਬ ਇਕ


ਅੱਜ ਫੇਰ ਦਿਲ ਗ਼ਰੀਬ ਇਕ ਪਾਂਦਾ ਹੈ ਵਾਸਤਾ


ਦੇ ਜਾ ਮੇਰੀ ਕਲਮ ਨੂੰ ਇਕ ਹੋਰ ਹਾਦਸਾ


ਮੁੱਦਤ ਹੋਈ ਹੈ ਦਰਦ ਦਾ ਕੋਈ ਜਾਮ ਪੀਤਿਆਂ


ਪੀੜਾਂ 'ਚ ਹੰਝੂ ਘੋਲ ਕੇ ਦੇ ਜਾ ਦੋ ਆਤਸ਼ਾ


ਕਾਗ਼ਜ਼ ਦੀ ਕੋਰੀ ਰੀਝ ਹੈ ਚੁੱਪ ਚਾਪ ਵੇਖਦੀ


ਸ਼ਬਦਾਂ ਦੇ ਥਲ 'ਚ ਭਟਕਦਾ ਗੀਤਾਂ ਦਾ ਕਾਫ਼ਲਾ


ਟੁਰਨਾ ਮੈਂ ਚਾਹੁੰਦਾ ਪੈਰ ਵਿਚ ਕੰਡੇ ਦੀ ਲੈ ਕੇ ਪੀੜ


ਕੁੱਖ ਤੋਂ ਕਬਰ ਤਕ ਦੋਸਤਾ ਜਿੰਨਾ ਵੀ ਫ਼ਾਸਲਾ


ਆ ਬਹੁੜ 'ਸ਼ਿਵ' ਨੂੰ ਪੀੜ ਵੀ ਹੈ ਕੰਡ ਦੇ ਚੱਲੀ


ਰੱਖੀ ਸੀ ਜਿਹੜੀ ਓਸ ਨੇ ਮੁੱਦਤ ਤੋਂ ਦਾਸ਼ਤਾ


ਮਿਰਚਾਂ ਦੇ ਪੱਤਰ


ਪੁੰਨਿਆਂ ਦੇ ਚੰਨ ਨੂੰ ਕੋਈ ਮੱਸਿਆ


ਕੀਕਣ ਅਰਘ ਚੜ੍ਹਾਏ ਵੇ


ਕਿਉਂ ਕੋਈ ਡਾਚੀ ਸਾਗਰ ਖ਼ਾਤਰ


ਮਾਰੂਥਲ ਛੱਡ ਜਾਏ ਵੇ ।


ਕਰਮਾਂ ਦੀ ਮਹਿੰਦੀ ਦਾ ਸੱਜਣਾ


ਰੰਗ ਕਿਵੇਂ ਦੱਸ ਚੜ੍ਹਦਾ ਵੇ


ਜੇ ਕਿਸਮਤ ਮਿਰਚਾਂ ਦੇ ਪੱਤਰ


ਪੀਠ ਤਲੀ 'ਤੇ ਲਾਏ ਵੇ ।


ਗ਼ਮ ਦਾ ਮੋਤੀਆ ਉਤਰ ਆਇਆ


ਸਿਦਕ ਮੇਰੇ ਦੇ ਨੈਣੀਂ ਵੇ


ਪ੍ਰੀਤ ਨਗਰ ਦਾ ਔਖਾ ਪੈਂਡਾ


ਜਿੰਦੜੀ ਕਿੰਜ ਮੁਕਾਏ ਵੇ ।


ਕਿੱਕਰਾਂ ਦੇ ਫੁੱਲਾਂ ਦੀ ਅੜਿਆ


ਕੌਣ ਕਰੇਂਦਾ ਰਾਖੀ ਵੇ


ਕਦ ਕੋਈ ਮਾਲੀ ਮਲ੍ਹਿਆਂ ਉੱਤੋਂ


ਹਰੀਅਲ ਆਣ ਉਡਾਏ ਵੇ ।


ਪੀੜਾਂ ਦੇ ਧਰਕੋਨੇ ਖਾ ਖਾ


ਹੋ ਗਏ ਗੀਤ ਕਸੈਲੇ ਵੇ


ਵਿਚ ਨੜੋਏ ਬੈਠੀ ਜਿੰਦੂ


ਕੀਕਣ ਸੋਹਲੇ ਗਾਏ ਵੇ ।


ਪ੍ਰੀਤਾਂ ਦੇ ਗਲ ਛੁਰੀ ਫਿਰੇਂਦੀ


ਵੇਖ ਕੇ ਕਿੰਜ ਕੁਰਲਾਵਾਂ ਵੇ


ਲੈ ਚਾਂਦੀ ਦੇ ਬਿੰਗ ਕਸਾਈਆਂ


ਮੇਰੇ ਗਲੇ ਫਸਾਏ ਵੇ ।


ਤੜਪ ਤੜਪ ਕੇ ਮਰ ਗਈ ਅੜਿਆ


ਮੇਲ ਤੇਰੇ ਦੀ ਹਸਰਤ ਵੇ


ਐਸੇ ਇਸ਼ਕ ਦੇ ਜ਼ੁਲਮੀ ਰਾਜੇ


ਬਿਰਹੋਂ ਬਾਣ ਚਲਾਏ ਵੇ ।


ਚੁਗ ਚੁਗ ਰੋੜ ਗਲੀ ਤੇਰੀ ਦੇ


ਘੁੰਗਣੀਆਂ ਵੱਤ ਚੱਬ ਲਏ ਵੇ


'ਕੱਠੇ ਕਰ ਕਰ ਕੇ ਮੈਂ ਤੀਲ੍ਹੇ


ਬੁੱਕਲ ਵਿਚ ਧੁਖਾਏ ਵੇ ।


ਇਕ ਚੂਲੀ ਵੀ ਪੀ ਨਾ ਸਕੀ


ਪਿਆਰ ਦੇ ਨਿੱਤਰੇ ਪਾਣੀ ਵੇ


ਵਿੰਹਦਿਆਂ ਸਾਰ ਪਏ ਵਿਚ ਪੂਰੇ


ਜਾਂ ਮੈਂ ਹੋਂਠ ਛੁਹਾਏ ਵੇ ।


ਮੇਰੇ ਨਾਮੁਰਾਦ ਇੱਸ਼ਕ ਦਾ


ਮੇਰੇ ਨਾਮੁਰਾਦ ਇੱਸ਼ਕ ਦਾ ਕਹਿੜਾ ਪੜਾ ਹੈ ਆਇਆ


ਮੈਨੂੰ ਮੇਰੇ 'ਤੇ ਆਪ ਤੇ ਹੀ ਰਹਿ ਰਹਿ ਕੇ ਤਰਸ ਆਇਆ


ਮੇਰੇ ਦਿਲ ਮਾਸੂਮ ਦਾ ਕੁਝ ਹਾਲ ਇਸ ਤਰ੍ਹਾਂ ਹੈ


ਸੂਲੀ 'ਤੇ ਬੇਗੁਨਾਹ ਜਿਉਂ ਮਰੀਅਮ ਕਿਸੇ ਦਾ ਜਾਇਆ


ਇਕ ਵਕਤ ਸੀ ਕਿ ਆਪਣੇ, ਲਗਦੇ ਸੀ ਸਭ ਪਰਾਏ


ਇਕ ਵਕਤ ਹੈ ਮੈਂ ਖ਼ੁਦ ਲਈ ਅੱਜ ਆਪ ਹਾਂ ਪਰਾਇਆ


ਮੇਰੇ ਦਿੱਲ ਦੇ ਦਰਦ ਦਾ ਵੀ ਉੱਕਾ ਨਾ ਭੇਤ ਚੱਲਿਆ


ਜਿਉਂ-ਜਿਉਂ ਟਕੋਰ ਕੀਤੀ ਵਧਿਆ ਸਗੋਂ ਸਵਾਇਆ


ਮੈਂ ਚਾਹੁੰਦਿਆ ਵੀ ਆਪ ਨੂੰ ਰੋਣੋਂ ਨਾ ਰੋਕ ਸਕਿਆ


ਆਪਣਾਂ ਮੈਂ ਹਾਲ ਆਪ ਨੂੰ ਆਪੇ ਜਦੋ ਸੁਣਾਇਆ


ਕਹਿੰਦੇ ਨੇ ਯਾਰ 'ਸ਼ਿਵ' ਦੇ ਮੁੱਦਤ ਹੋਈ ਹੈ ਮਰਿਆ


ਪਰ ਰੋਜ਼ ਆ ਕੇ ਮਿਲਦੈ ਅੱਜ ਤੀਕ ਉਸ ਦਾ ਸਾਇਆ

Shiv Kumar Batalvi Poems | Shiv Kumar Batalvi Shayari | shiv kumar batalvi quotes

ਮੈਂ ਅਧੂਰੇ ਗੀਤ ਦੀ ਇਕ ਸਤਰ ਹਾਂ


ਮੈਂ ਅਧੂਰੇ ਗੀਤ ਦੀ ਇਕ ਸਤਰ ਹਾਂ

ਮੈਂ ਅਪੈਰੀ-ਪੈੜ ਦਾ ਇਕ ਸਫ਼ਰ ਹਾਂ

ਇਸ਼ਕ ਨੇ ਜੋ ਕੀਤੀਆ ਬਰਬਾਦੀਆਂ

ਮੈ ਉਹਨਾਂ ਬਰਬਾਦੀਆਂ ਦੀ ਸਿਖ਼ਰ ਹਾਂ

ਮੈਂ ਤੇਰੀ ਮਹਿਫ਼ਲ ਦਾ ਬੁਝਿਆ ਇਕ ਚਿਰਾਗ਼

ਮਂੈ ਤੇਰੇ ਹੋਠਾਂ 'ਚੋਂ ਕਿਰਿਆ ਜ਼ਿਕਰ ਹਾਂ

ਇਕ 'ਕੱਲੀ ਮੌਤ ਹੈ ਜਿਸਦਾ ਇਲਾਜ

ਚਾਰ ਦਿਨ ਦੀ ਜ਼ਿੰਦਗੀ ਦਾ ਫ਼ਿਕਰ ਹਾਂ

ਜਿਸ ਨੇ ਮੈਨੂੰ ਵੇਖ ਕੇ ਨਾ ਵੇਖਿਆ

ਮੈ ਉਹਦੇ ਨੈਣਾਂ ਦੀ ਗੁੰਗੀ ਨਜ਼ਰ ਹਾਂ

ਮੈਂ ਤਾਂ ਬਸ ਆਪਣਾ ਹੀ ਚਿਹਰਾ ਵੇਖਿਐ

ਮੈਂ ਵੀ ਇਸ ਦੁਨੀਆਂ ਚ ਕੈਸਾ ਬਸ਼ਰ ਹਾਂ

ਕੱਲ੍ਹ ਕਿਸੇ ਸੁਣਿਆ ਹੈ 'ਸ਼ਿਵ' ਨੂੰ ਕਹਿੰਦਿਆਂ

ਪੀੜ ਲਈ ਹੋਇਆ ਜਹਾਂ ਵਿਚ ਨਸ਼ਰ ਹਾਂ ।

ਮੈਨੂੰ ਤਾਂ ਮੇਰੇ ਦੋਸਤਾ (ਗ਼ਜ਼ਲ) 


ਮੈਨੂੰ ਤਾਂ ਮੇਰੇ ਦੋਸਤਾ

ਮੇਰੇ ਗ਼ਮ ਨੇ ਮਾਰਿਆ ।

ਹੈ ਝੂਠ ਤੇਰੀ ਦੋਸਤੀ ਦੇ

ਦਮ ਨੇ ਮਾਰਿਐ ।

ਮੈਨੂੰ ਤੇ ਜੇਠ ਹਾੜ 'ਤੇ

ਕੋਈ ਨਹੀਂ ਗਿਲਾ

ਮੇਰੇ ਚਮਨ ਨੂੰ ਚੇਤ ਦੀ

ਸ਼ਬਨਮ ਨੇ ਮਾਰਿਐ ।

ਮੱਸਿਆ ਦੀ ਕਾਲੀ ਰਾਤ ਦਾ

ਕੋਈ ਨਹੀਂ ਕਸੂਰ

ਸਾਗਰ ਨੂੰ ਉਹਦੀ ਆਪਣੀ

ਪੂਨਮ ਨੇ ਮਾਰਿਐ ।

ਇਹ ਕੌਣ ਹੈ ਜੋ ਮੌਤ ਨੂੰ

ਬਦਨਾਮ ਕਰ ਰਿਹੈ ?

ਇਨਸਾਨ ਨੂੰ ਇਨਸਾਨ ਦੇ

ਜਨਮ ਨੇ ਮਾਰਿਐ ।

ਚੜ੍ਹਿਆ ਸੀ ਜਿਹੜਾ ਸੂਰਜਾ

ਡੁੱਬਣਾ ਸੀ ਉਸ ਜ਼ਰੂਰ

ਕੋਈ ਝੂਠ ਕਹਿ ਰਿਹਾ ਹੈ

ਕਿ ਪੱਛਮ ਨੇ ਮਾਰਿਐ ।

ਮੰਨਿਆਂ ਕਿ ਮੋਇਆਂ ਮਿੱਤਰਾਂ

ਦਾ ਗ਼ਮ ਵੀ ਮਾਰਦੈ

ਬਹੁਤਾ ਪਰ ਇਸ ਦਿਖਾਵੇ ਦੇ

ਮਾਤਮ ਨੇ ਮਾਰਿਐ ।

ਕਾਤਲ ਕੋਈ ਦੁਸ਼ਮਣ ਨਹੀਂ

ਮੈਂ ਠੀਕ ਆਖਦਾਂ

'ਸ਼ਿਵ' ਨੂੰ ਤਾਂ 'ਸ਼ਿਵ' ਦੇ

ਆਪਣੇ ਮਹਿਰਮ ਨੇ ਮਾਰਿਐ ।


ਮੈਨੂੰ ਤੇਰਾ

ਸ਼ਬਾਬ ਲੈ ਬੈਠਾ


ਮੈਨੂੰ ਤੇਰਾ ਸ਼ਬਾਬ ਲੈ ਬੈਠਾ

ਰੰਗ ਗੋਰ ਗੁਲਾਬ ਲੈ ਬੈਠਾ

ਦਿਲ ਦਾ ਡਰ ਸੀ ਕਿਤੇ ਨਾ ਲੈ ਬੈਠੇ

ਲੈ ਹੀ ਬੈਠਾ ਜਨਾਬ ਲੈ ਬੈਠਾ

ਵਿਹਲ ਜਦ ਵੀ ਮਿਲੀ ਹੈ ਫ਼ਰਜ਼ਾਂ ਤੋਂ

ਤੇਰੇ ਮੁੱਖ ਦੀ ਕਿਤਾਬ ਲੈ ਬੈਠਾ

ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ

ਮੈਨੁੰ ਇਹੋ ਹਿਸਾਬ ਲੈ ਬੈਠਾ

ਸ਼ਿਵ ਨੂੰ ਇਕ ਗਮ ਤੇ ਹੀ ਭਰੋਸਾ ਸੀ

ਗਮ ਤੋਂ ਕੋਰਾ ਜਵਾਬ ਲੈ ਬੈਠਾ

ਰਾਤ ਗਈ ਕਰ ਤਾਰਾ ਤਾਰਾ


ਰਾਤ ਗਈ ਕਰ ਤਾਰਾ ਤਾਰਾ

ਹੋਇਆ ਦਿਲ ਦਾ ਦਰਦ ਅਧਾਰਾ

ਰਾਤੀਂ ਈਕਣ ਸੜਿਆ ਸੀਨਾ

ਅੰਬਰ ਟੱਪ ਗਿਆ ਚੰਗਿਆੜਾ

ਅੱਖਾਂ ਹੋਈਆਂ ਹੰਝੂ ਹੰਝੂ

ਦਿਲ ਦਾ ਸ਼ੀਸਾ ਪਾਰਾ ਪਾਰਾ

ਹੁਣ ਤਾਂ ਮੇਰੇ ਦੋ ਹੀ ਸਾਥੀ

ਇਕ ਹੌਕਾ ਇਕ ਹੰਝੂ ਖਾਰਾ

ਮੈਂ ਬੁਝੇ ਦੀਵੇ ਦਾ ਧੂੰਆਂ

ਕਿੰਝ ਕਰਾਂ ਤੇਰਾ ਰੌਸ਼ਨ ਦੁਆਰਾ

ਮਰਨਾ ਚਾਹਿਆ ਮੌਤ ਨਾ ਆਈ

ਮੌਤ ਵੀ ਮੈਨੂੰ ਦੇ ਗਈ ਲਾਰਾ

ਨਾ ਛੱਡ ਮੇਰੀ ਨਬਜ਼ ਮਸੀਹਾ

ਗ਼ਮ ਦਾ ਮਗਰੋਂ ਕੌਣ ਸਹਾਰਾ

ਰੋਗ ਬਣ ਕੇ ਰਹਿ ਗਿਆ


ਰੋਗ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ

ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ ।

ਇਹਦੀਆਂ ਗਲੀਆਂ ਮੇਰੀ ਚੜ੍ਹਦੀ ਜਵਾਨੀ ਖਾ ਲਈ

ਕਿਉਂ ਕਰਾਂ ਨ ਦੋਸਤਾ ਸਤਿਕਾਰ ਤੇਰੇ ਸ਼ਹਿਰ ਦਾ ।

ਸ਼ਹਿਰ ਤੇਰੇ ਕਦਰ ਨਹੀਂ ਲੋਕਾਂ ਨੂੰ ਸੁੱਚੇ ਪਿਆਰ ਦੀ

ਰਾਤ ਨੂੰ ਖੁੱਲ੍ਹਦਾ ਹੈ ਹਰ ਬਾਜ਼ਾਰ ਤੇਰੇ ਸ਼ਹਿਰ ਦਾ ।

ਫੇਰ ਮੰਜ਼ਿਲ ਵਾਸਤੇ ਇਕ ਪੈਰ ਨਾ ਪੁੱਟਿਆ ਗਿਆ

ਇਸ ਤਰ੍ਹਾਂ ਕੁਝ ਚੁਭਿਆ ਕੋਈ ਖਾਰ ਤੇਰੇ ਸ਼ਹਿਰ ਦਾ ।

ਜਿੱਥੇ ਮੋਇਆਂ ਬਾਅਦ ਵੀ ਕਫ਼ਨ ਨਹੀਂ ਹੋਇਆ ਨਸੀਬ

ਕੌਣ ਪਾਗ਼ਲ ਹੁਣ ਕਰੇ ਇਤਬਾਰ ਤੇਰੇ ਸ਼ਹਿਰ ਦਾ ।

ਏਥੇ ਮੇਰੀ ਲਾਸ਼ ਤੱਕ ਨੀਲਾਮ ਕਰ ਦਿੱਤੀ ਗਈ

ਲੱਥਿਆ ਕਰਜ਼ਾ ਨਾ ਫਿਰ ਵੀ ਯਾਰ ਤੇਰੇ ਸ਼ਹਿਰ ਦਾ ।

Shiv Kumar Batalvi Poems | Shiv Kumar Batalvi Shayari | shiv kumar batalvi quotes

ਲਾਜਵੰਤੀ (ਕਵਿਤਾ)


ਮੇਰੇ ਗੀਤਾਂ ਦੀ ਲਾਜਵੰਤੀ ਨੂੰ,

ਤੇਰੇ ਬਿਰਹੇ ਨੇ ਹੱਥ ਲਾਇਐ ।

ਮੇਰੇ ਬੋਲਾਂ ਦੇ ਜ਼ਰਦ ਪੱਤਿਆਂ ਨੇ,

ਤੇਰੀ ਸਰਦਲ 'ਤੇ ਸਿਰ ਨਿਵਾਇਐ ।

ਇਹ ਕੌਣ ਮਾਲੀ ਹੈ ਦਿਲ ਮੇਰੇ ਦਾ

ਚਮਨ ਜੋ ਫੱਗਣ 'ਚ ਵੇਚ ਚੱਲਿਐ,

ਇਹ ਕੌਣ ਭੌਰਾ ਹੈ ਜਿਸ ਨਿਖੱਤੇ ਨੇ

ਮੇਰੇ ਗ਼ਮ ਦੀ ਕਲੀ ਨੂੰ ਤਾਇਐ ।

ਉਹ ਕਿਹੜੀ ਕੰਜਕ ਸੀ ਪੀੜ ਮੇਰੀ ਦੀ

ਜਿਸ ਨੇ ਦੁਨੀਆਂ ਦੇ ਪੈਰ ਧੋਤੇ,

ਇਹ ਕਿਹੜੀ ਹਸਰਤ ਹੈ ਜਿਸ ਨੇ ਦਿਲ ਦੇ

ਵੀਰਾਨ ਵਿਹੜੇ 'ਚ ਚੌਕ ਵਾਹਿਐ ?

ਮੇਰੇ ਸਾਹਾਂ ਦੀ ਪੌਣ ਤੱਤੀ ਦਾ

ਕਿਹੜਾ ਬੁੱਲਾ ਖਲਾ 'ਚ ਘੁਲਿਐ,

ਇਹ ਕਿਹੜਾ ਹੰਝੂ ਹੈ ਮੇਰੇ ਨੈਣਾਂ ਦਾ

ਸ਼ਹਿਰ ਛੱਡ ਕੇ ਜੋ ਮੁਸਕਰਾਇਐ ?

ਮੇਰੀ ਉਮਰਾ ਦੀ ਲਾਜਵੰਤੀ ਨੂੰ,

ਤੇਰੇ ਬਿਰਹੇ ਨੇ ਹੱਥ ਲਾਇਐ ।

ਮੇਰੇ ਸਾਹਾਂ ਦੇ ਜ਼ਰਦ ਪੱਤਿਆਂ ਨੇ

ਤੇਰੀ ਸਰਦਲ 'ਤੇ ਸਿਰ ਨਿਵਾਇਐ ।

ਮੇਲ ਤੇਰੇ ਦੇ ਮੁੱਖ ਸੰਧੂਰੀ 'ਤੇ

ਪੈ ਗਈਆਂ ਨੇ ਵੇ ਹੋਰ ਛਾਹੀਆਂ,

ਹੋਰ ਗ਼ਮ ਦੇ ਹੁਸੀਨ ਮੁੱਖ 'ਤੇ

ਵੇ ਕਿੱਲ ਫੁਰਕਤ ਦਾ ਨਿਕਲ ਆਇਐ ।

ਟੁਰ ਚੱਲੀ ਹੈ ਬਾਹਰ ਜੋਗਣ

ਵੇ ਕਰਨ ਪੱਤਝੜ ਦਾ ਪਾਕ ਤੀਰਥ,

ਤਿਤਲੀਆਂ ਨੇ ਮਲੂਕ ਮੰਜਰੀ ਦਾ

ਪੀਠ ਮੱਥੇ 'ਤੇ ਤਿਲਕ ਲਾਇਐ ।

ਨੰਗੇ ਪੌਣਾਂ ਦੇ ਸੁਹਲ ਪੈਰਾਂ 'ਚ

ਕਿਰਨ ਚਾਨਣ ਦੀ ਚੁਭ ਗਈ ਹੈ,

ਬੀਮਾਰ ਬੱਦਲਾਂ ਦੇ ਗਲ 'ਚ ਰਾਤਾਂ

ਕਰਾ ਕੇ ਚੰਨ ਦਾ ਤਵੀਤ ਪਾਇਐ ।

ਯਾਦ ਮੇਰੀ ਦੀ ਲਾਜਵੰਤੀ ਨੂੰ

ਤੇਰੇ ਬਿਰਹੇ ਨੇ ਹੱਥ ਲਾਇਐ ।

ਪੀੜ ਮੇਰੀ ਦੇ ਜ਼ਰਦ ਪੱਤਿਆਂ ਨੇ

ਤੇਰੀ ਸਰਦਲ 'ਤੇ ਸਿਰ ਨਿਵਾਇਐ ।

ਬੀਤੇ ਵਰ੍ਹਿਆਂ ਦੇ ਗਹਿਰੇ ਸਾਗਰ 'ਚ

ਫੇਰ ਆਇਐ ਜਵਾਰ-ਭਾਟਾ,

ਸਿਦਕ ਮੇਰੇ ਦੇ ਸੰਖ, ਘੋਗੇ

ਮਲਾਹ ਸਮਿਆਂ ਦਾ ਚੁਗ ਲਿਆਇਐ ।

ਰਾਤੜੀ ਦੇ ਸਿਆਹ ਮੇਰੇ 'ਚ

ਖੂਹ ਚਾਨਣ ਦਾ ਗਿੜ ਰਿਹਾ ਹੈ,

ਚੁੱਪ ਦੀ ਮੈਂ ਮੁਲੈਮ ਗਾਧੀ 'ਤੇ

ਹਿਜਰ ਤੇਰੇ ਦਾ ਗ਼ਮ ਬਿਠਾਇਐ ।

ਹੰਝੂਆਂ ਦੀ ਝਲਾਰ ਨਿੱਤਰੀ 'ਚ

ਦੀਦ ਤੇਰੀ ਦਾ ਸੋਹਲ ਸੁਪਨਾ

ਵੇ ਸ਼ੌਕ ਮੇਰੇ ਨੇ ਮੁੜ ਨੁਹਾਇਐ ।

ਆਸ ਮੇਰੀ ਦੀ ਲਾਜਵੰਤੀ ਨੂੰ

ਤੇਰੇ ਬਿਰਹੇ ਨੇ ਹੱਥ ਲਾਇਐ ।

ਸਬਰ ਮੇਰੇ ਦੇ ਜ਼ਰਦ ਪੱਤਿਆਂ ਨੇ

ਤੇਰੀ ਸਰਦਲ 'ਤੇ ਸਿਰ ਨਿਵਾਇਐ ।

ਅੱਜ ਉਮੀਦਾਂ ਨੇ ਅੰਬਰਾਂ ਥੀਂ

ਹੈ ਸੋਨ-ਰਿਸ਼ਮਾਂ ਦੀ ਲਾਬ ਲਾਈ,

ਅੱਜ ਹਯਾਤੀ ਦੇ ਕਾਲੇ ਖੇਤਾਂ 'ਚ

ਤਾਰਿਆਂ ਦਾ ਮੈਂ ਕਣ ਬਿਜਾਇਐ ।

ਆਪਣੀ ਉਮਰਾ ਤੇ ਤੇਰੇ ਸਾਹਾਂ ਦੀ

ਮਹਿਕ ਨੂੰ ਹੈ ਮੈਂ ਜ਼ਰਬ ਦਿੱਤੀ,

ਯਾਦ ਤੇਰੀ ਦਾ ਇਕ ਹਾਸਿਲ…

ਤੇ ਸਿਫ਼ਰ ਬਾਕੀ ਜਵਾਬ ਆਇਐ ।

ਮੇਰੇ ਗੀਤਾਂ ਨੇ ਦਰਦ ਤੇਰੇ ਦੀ

ਖ਼ਾਨਗਾਹ 'ਤੇ ਵੇ ਪੜ੍ਹ ਕੇ ਕਲਮਾ,

ਸ਼ੁਹਰਤਾਂ ਦਾ ਵੇ ਮੁਰਗ਼ ਕਾਲਾ

ਹਲਾਲ ਕਰ ਕੇ ਨਜ਼ਰ ਚੜ੍ਹਾਇਐ ।


ਲੋਹੇ ਦਾ ਸ਼ਹਿਰ


ਲੋਹੇ ਦੇ ਇਸ ਸ਼ਹਿਰ ਵਿਚ


ਪਿੱਤਲ ਦੇ ਲੋਕ ਰਹਿੰਦੇ


ਸਿੱਕੇ ਦਾ ਬੋਲ ਬੋਲਣ


ਸ਼ੀਸ਼ੇ ਦਾ ਵੇਸ ਪਾਉਂਦੇ


ਜਿਸਤੀ ਇਹਦੇ ਗਗਨ 'ਤੇ


ਪਿੱਤਲ ਦਾ ਚੜ੍ਹਦਾ ਸੂਰਜ


ਤਾਂਬੇ ਦੇ ਰੁੱਖਾਂ ਉੱਪਰ


ਸੋਨੇ ਦੇ ਗਿਰਝ ਬਹਿੰਦੇ


ਇਸ ਸ਼ਹਿਰ ਦੇ ਇਹ ਲੋਕੀ


ਜ਼ਿੰਦਗੀ ਦੀ ਹਾੜੀ ਸਾਉਣੀ


ਧੂਏਂ ਦੇ ਵੱਢ ਵਾਹ ਕੇ


ਸ਼ਰਮਾਂ ਨੇ ਬੀਜ ਆਉਂਦੇ


ਚਾਂਦੀ ਦੀ ਫ਼ਸਲ ਨਿੱਸਰੇ


ਲੋਹੇ ਦੇ ਹੱਡ ਖਾ ਕੇ


ਇਹ ਰੋਜ਼ ਚੁਗਣ ਸਿੱਟੇ


ਜਿਸਮਾਂ ਦੇ ਖੇਤ ਜਾਂਦੇ


ਇਸ ਸ਼ਹਿਰ ਦੇ ਇਹ ਵਾਸੀ


ਬਿਰਹਾ ਦੀ ਜੂਨ ਆਉਂਦੇ


ਬਿਰਹਾ ਹੰਢਾ ਕੇ ਸੱਭੇ


ਸੱਖਣੇ ਦੀ ਪਰਤ ਜਾਂਦੇ


ਲੋਹੇ ਦੇ ਇਸ ਸ਼ਹਿਰ ਵਿਚ


ਅੱਜ ਢਾਰਿਆਂ ਦੇ ਉਹਲੇ


ਸੂਰਜ ਕਲੀ ਕਰਾਇਆ


ਲੋਕਾਂ ਨੇ ਨਵਾਂ ਕਹਿੰਦੇ


ਲੋਹੇ ਦੇ ਇਸ ਸ਼ਹਿਰ ਵਿਚ


ਲੋਹੇ ਦੇ ਲੋਕ ਰਹਿਸਣ


ਲੋਹੇ ਦੇ ਗੀਤ ਸੁਣਦੇ


ਲੋਹੇ ਦੇ ਗੀਤ ਗਾਉਂਦੇ


ਲੋਹੇ ਦੇ ਇਸ ਸ਼ਹਿਰ ਵਿਚ


ਪਿੱਤਲ ਦੇ ਲੋਕ ਰਹਿੰਦੇ


ਸਿੱਕੇ ਦੇ ਬੋਲ ਬੋਲਣ


ਸ਼ੀਸ਼ੇ ਦਾ ਵੇਸ਼ ਪਾਉਂਦੇ

Shiv Kumar Batalvi Poems | Shiv Kumar Batalvi Shayari | shiv kumar batalvi quotes

ਪੰਜਾਬੀ ਗੀਤ ਸ਼ਿਵ ਕੁਮਾਰ ਬਟਾਲਵੀ

shiv kumar batalvi in punjabi

ਉਮਰਾਂ ਦੇ ਸਰਵਰ


ਉਮਰਾਂ ਦੇ ਸਰਵਰ


ਸਾਹਵਾਂ ਦਾ ਪਾਣੀ


ਗੀਤਾ ਵੇ ਚੁੰਝ ਭਰੀਂ


ਭਲਕੇ ਨਾ ਰਹਿਣੇ


ਪੀੜਾਂ ਦੇ ਚਾਨਣ


ਹਾਵਾਂ ਦੇ ਹੰਸ ਸਰੀਂ


ਗੀਤਾ ਵੇ ਚੁੰਝ ਭਰੀਂ ।


ਗੀਤਾ ਵੇ


ਉਮਰਾਂ ਦੇ ਸਰਵਰ ਛਲੀਏ


ਪਲ-ਛਿਣ ਭਰ ਸੁੱਕ ਜਾਂਦੇ


ਸਾਹਵਾਂ ਦੇ ਪਾਣੀ


ਪੀਲੇ ਵੇ ਅੜਿਆ


ਅਣਚਾਹਿਆਂ ਫਿੱਟ ਜਾਂਦੇ


ਭਲਕੇ ਨਾ ਸਾਨੂੰ ਦਈਂ ਉਲਾਂਭੜਾ


ਭਲਕੇ ਨਾ ਰੋਸ ਕਰੀਂ


ਗੀਤਾ ਵੇ ਚੁੰਝ ਭਰੀਂ ।


ਹਾਵਾਂ ਦੇ ਹੰਸ


ਸੁਣੀਂਦੇ ਵੇ ਲੋਭੀ


ਦਿਲ ਮਰਦਾ ਤਾਂ ਗਾਂਦੇ


ਇਹ ਬਿਰਹੋਂ ਰੁੱਤ ਹੰਝੂ ਚੁਗਦੇ


ਚੁਗਦੇ ਤੇ ਉੱਡ ਜਾਂਦੇ


ਐਸੇ ਉੱਡੇ ਮਾਰ ਉਡਾਰੀ


ਮੁੜ ਨਾ ਆਉਣ ਘਰੀਂ


ਗੀਤਾ ਵੇ ਚੁੰਝ ਭਰੀਂ ।


ਗੀਤਾ ਵੇ


ਚੁੰਝ ਭਰੇਂ ਤਾਂ ਤੇਰੀ


ਸੋਨੇ ਚੁੰਝ ਮੜ੍ਹਾਵਾਂ


ਮੈਂ ਚੰਦਰੀ ਤੇਰੀ ਬਰਦੀ ਥੀਵਾਂ


ਨਾਲ ਥੀਏ ਪਰਛਾਵਾਂ


ਹਾੜੇ ਈ ਵੇ


ਨਾ ਤੂੰ ਤਿਰਹਾਇਆ


ਮੇਰੇ ਵਾਂਗ ਮਰੀਂ


ਗੀਤਾ ਵੇ ਚੁੰਝ ਭਰੀਂ ।


ਉਮਰਾਂ ਦੇ ਸਰਵਰ


ਸਾਹਵਾਂ ਦਾ ਪਾਣੀ


ਗੀਤਾ ਵੇ ਚੁੰਝ ਭਰੀਂ


ਭਲਕੇ ਨਾ ਰਹਿਣੇ


ਪੀੜਾਂ ਦੇ ਚਾਨਣ


ਦਰਦਾਂ ਦੇ ਪੱਤਰ


ਰੋਜ਼ ਨਾ ਰਹਿਣ ਹਰੇ


ਵਿਰਲੇ ਤਾਂ ਉੱਗਦੇ


ਦਰਦਾਂ ਦੇ ਬੂਟੜੇ


ਸੰਘਣੇ ਮਹਿਕ ਭਰੇ ।


ਇਕ ਤਾਂ ਤੈਂਡੜੇ


ਕੋਲ ਕਥੂਰੀ


ਦੂਜੇ ਤਾਂ ਦਰਦ ਬੜੇ


ਤੀਜਾ ਤਾਂ ਤੈਂਡੜਾ


ਰੂਪ ਸੁਹੰਦੜਾ


ਗੱਲਾਂ ਤਾਂ ਮਿਲਖ ਕਰੇ ।


ਮਾਰੀਂ ਵੇ ਛਾਲਾਂ


ਭਰੀਂ ਵੇ ਚੁੰਗੀਆਂ


ਤੈਂਡੜੇ ਕਰਮ ਖਰੇ


ਤੈਂਡੜੇ ਗਲ


ਗ਼ਮ-ਹਾਰ-ਹਮੇਲਾਂ


ਝੋਲੀ 'ਚ ਹੋਰ ਵਰ੍ਹੇ ।


ਜਿੰਦੂ ਦੇ ਬਾਗ਼ੀਂ


ਦਰਦਾਂ ਦਾ ਬੂਟੜਾ


ਗੀਤਾਂ ਦਾ ਮਿਰਗ ਚਰੇ


ਹਿਜਰਾਂ ਦੀ ਵਾਉ


ਵਗੇ ਅੱਧ-ਰੈਣੀ


ਕੋਈ-ਕੋਈ ਪੱਤ ਕਿਰੇ ।


ਢੋਲੀਆ ਵੇ ਢੋਲੀਆ

ਢੋਲੀਆ, ਵੇ ਢੋਲੀਆ !

ਓ ਮੇਰੇ ਬੇਲੀਆ !!

ਇਕ ਡੱਗਾ ਢੋਲ ਤੇ ਲਾਂਦਾ ਜਾ

ਮੇਰਾ ਸੁਤੜਾ ਦੇਸ਼ ਜਗਾਂਦਾ ਜਾ ।

ਸਾਰੀ ਦੁਨੀਆਂ ਜਾਗੀ

ਮੇਰੇ ਦੇਸ਼ ਨੂੰ ਨੀਂਦਰ ਆਈ

ਪੱਛੜੀ ਸਾਡੀ ਹਾੜੀ-ਸਾਉਣੀ

ਪਛੜੀ ਬਾਰ-ਬਿਆਈ

ਸੁਪਨੇ ਵਰਗੀ ਧਰਤੀ ਸਾਡੀ

ਫਿਰਦੀ ਹੈ ਕੁਮਲਾਈ ।

ਤੂੰ ਧਰਤੀ ਦੇ ਜਾਇਆਂ ਨੂੰ

ਇਕ ਸਾਵਾ ਗੀਤ ਸੁਣਾਂਦਾ ਜਾ

ਇਕ ਡੱਗਾ ਢੋਲ ਤੇ ਲਾਂਦਾ ਜਾ

ਮੇਰਾ ਸੁਤੜਾ ਦੇਸ਼ ਜਗਾਂਦਾ ਜਾ ।

ਜਾਗੇ ਮਿੱਟੀ, ਜਾਗਣ ਫ਼ਸਲਾਂ

ਜਾਗਣ ਹਾਲੀ ਪਾਲੀ

ਜਾਗਣ ਮੇਰੇ ਲਾਖੇ ਕਾਲੇ

ਜਾਗੇ ਹੱਲ ਪੰਜਾਲੀ

ਜਾਗੇ ਮੇਰੇ ਸਿੱਟਿਆਂ ਦੇ ਵਿਚ

ਨਵੀਂ ਕੋਈ ਹਰਿਆਲੀ ।

ਤੂੰ ਧਰਤੀ ਦਾ ਚੱਪਾ ਚੱਪਾ

ਸੁਹਣਾ ਸਵਰਗ ਬਣਾਂਦਾ ਜਾ

ਇਕ ਡੱਗਾ ਢੋਲ ਤੇ ਲਾਂਦਾ ਜਾ

ਮੇਰਾ ਸੁਤੜਾ ਦੇਸ਼ ਜਗਾਂਦਾ ਜਾ ।


ਜਾਗੇ ਅੱਜ ਧਰਤੀ ਦਾ ਵਾਰਿਸ

ਜਾਗੇ ਖੇਤ ਦਾ ਰਾਣਾ

ਕਹਿ ਧਰਤੀ ਦੇ ਜਾਇਆਂ ਨੂੰ

ਕੋਈ ਛੋਹਣ ਗੀਤ ਸੁਹਾਣਾ

ਮਿੱਟੀ ਦੇ ਵਿਚ ਸੂਝ ਰਲਾ ਕੇ

ਬੀਜੋ ਦਾਣਾ ਦਾਣਾ ।

ਨਵੇਂ ਯੁੱਗ ਦੀ ਨਵੀਂ ਚੇਤਨਾ

ਮੱਥੇ ਨਾਲ ਛੁਹਾਂਦਾ ਜਾ

ਇਕ ਡੱਗਾ ਢੋਲ 'ਤੇ ਲਾਂਦਾ ਜਾ

ਮੇਰਾ ਸੁਤੜਾ ਦੇਸ਼ ਜਗਾਂਦਾ ਜਾ ।

ਇਹ ਮਿੱਟੀ ਸਾਡੇ ਲੱਖ ਸ਼ਹੀਦਾਂ

ਲਹੂਆਂ ਵਿਚ ਹੰਘਾਲੀ

ਇਸ ਮਿੱਟੀ ਲਈ ਲੱਖ ਜਵਾਨਾਂ

ਸਿਰ ਦੀ ਹੋਲੀ ਬਾਲੀ

ਇਸ ਮਿੱਟੀ ਦੀ ਨਾਲ ਮੋਤੀਆਂ

ਭਰਨੀ ਝੋਲ ਹੈ ਖ਼ਾਲੀ ।

ਇਸ ਮਿੱਟੀ ਨੂੰ ਦੇਸ਼ ਵਾਸੀਆ

ਹਰਦਮ ਸੀਸ ਨਿਵਾਂਦਾ ਜਾ

ਇਕ ਡੱਗਾ ਢੋਲ 'ਤੇ ਲਾਂਦਾ ਜਾ

ਮੇਰੇ ਸੁਤੜੇ ਖੇਤ ਜਗਾਂਦਾ ਜਾ ।


ਵੇ ਧਰਮੀ ਬਾਬਲਾ ।


ਕਿਹੜੇ ਕੰਮ ਇਹ ਮਿਲਖ਼ ਜਗੀਰਾਂ


ਜੇ ਧੀਆਂ ਕੁਮਲਾਈਆਂ


ਕਿਹੜੇ ਕੰਮ ਤੇਰੇ ਮਾਨ ਸਰੋਵਰ


ਹੰਸਣੀਆਂ ਤਿਰਹਾਈਆਂ


ਕਿਹੜੇ ਕੰਮ ਖਿਲਾਰੀ ਤੇਰੀ


ਚੋਗ ਮੋਤੀਆਂ ਤੁੱਲ


ਵੇ ਧਰਮੀ ਬਾਬਲਾ


ਜੇ ਰੁੱਤ ਨਾ ਲੈ ਦਏਂ ਮੁੱਲ


ਵੇ ਧਰਮੀ ਬਾਬਲਾ ।


ਜਦ ਪੈਣ ਕਪਾਹੀ ਫੁੱਲ


ਵੇ ਧਰਮੀ ਬਾਬਲਾ ।


ਹੁਣ ਤਾਂ ਸਾਡੇ ਸਾਹ ਨੂੰ ਸਾਡੀ

ਦੇਹ ਤੋਂ ਲੱਜਿਆ ਆਵੇ

ਹੁਣ ਤਾਂ ਸੂਰਜ ਅਸਤਿਆ

ਹੋ ਗਿਆ ਕੁਵੇਲਾ ਰਾਮ ।

ਨਦੀਆਂ ਵਾਹੁ ਵਿਛੁੰਨੀਆਂ

ਸੰਜੋਗੀ ਮੇਲਾ ਰਾਮ ।

ਅਸੀਂ ਕੋਟ ਜਨਮ ਦੇ ਵਿਛੁੜੇ


ਹੁਣ ਮਿਲਣ ਦੁਹੇਲਾ ਰਾਮ ।


ਲੱਖ ਭਾਵੇਂ ਛੁੰਗ ਕੇ


ਚੱਲਾਂ ਮੈਂ ਲਹਿੰਗਾ ਸਬਰ ਦਾ


ਯਾਦ ਤੇਰੀ ਦੇ ਕਰੀਰਾਂ


ਨਾਲ ਜਾ ਹੀ ਅੜੇਗਾ


ਪਰਦੇਸ ਵੱਸਣ ਵਾਲਿਆ ।


ਬਖ਼ਸ਼ ਦਿੱਤੀ ਜਾਏਗੀ


ਤੇਰੇ ਜਿਸਮ ਦੀ ਸਲਤਨਤ


ਚਾਂਦੀ ਦੇ ਬੁਣ ਕੇ ਜਾਲ


ਤੇਰਾ ਦਿਲ ਹੁਮਾ ਜੋ ਫੜੇਗਾ


ਪਰਦੇਸ ਵੱਸਣ ਵਾਲਿਆ ।


ਰੋਜ਼ ਜਦ ਆਥਣ ਦਾ ਤਾਰਾ


ਅੰਬਰਾਂ 'ਤੇ ਚੜ੍ਹੇਗਾ


ਕੋਈ ਯਾਦ ਤੈਨੂੰ ਕਰੇਗਾ


ਪਰਦੇਸ ਵੱਸਣ ਵਾਲਿਆ ।


ਪੋਟਿਆਂ 'ਚੋਂ ਨਫ਼ਰਤਾਂ ਦੀ

ਸੂਲ ਜਿਹੀ ਹੈ ਪੁੜ ਗਈ

ਮਨੁੱਖਤਾ ਦੀ ਵਾਟ

ਰੇਤ ਰੇਤ ਹੋ ਕੇ ਖੁਰ ਗਈ

ਗੁਨਾਹ ਤੇ ਹਿਰਸ ਹਵਸ ਨੇ

ਜੋ ਮਾਰੀਆਂ ਉਡਾਰੀਆਂ

ਬੇਅੰਤ ਪਾਪ ਦੀ ਝਨਾਂ 'ਚ

ਸੋਹਣੀਆਂ ਸੰਘਾਰੀਆਂ

ਅਨੇਕ ਸੱਸੀਆਂ

ਸਮਾਜ ਰੇਤਿਆਂ ਨੇ ਸਾੜੀਆਂ

ਆ ਜ਼ਰਾ ਕੁ ਛੇੜ

ਜ਼ਿੰਦਗੀ ਦੇ ਬੇ-ਸੁਰੇ ਜਿਹੇ ਤਾਲ

ਅਲਾਪ ਮੌਤ ਦਾ ਖ਼ਿਆਲ !

ਕੁਟਲ ਧੋਖਿਆਂ ਦੀ ਨੈਂ

ਨਜ਼ਰ ਨਜ਼ਰ 'ਚ ਸ਼ੂਕਦੀ

ਹਜ਼ਾਰ ਮੰਦਰਾਂ 'ਚ ਜੋਤ

ਖ਼ੂਨ ਪਈ ਹੈ ਚੂਸਦੀ

ਆ ਨਸੀਬ ਨੂੰ ਉਠਾਲ

ਆਤਮਾ ਨੂੰ ਲੋਅ ਵਿਖਾਲ

ਇਸ਼ਕ ਨੂੰ ਵੀ ਕਰ ਹਲਾਲ

ਬਾਲ ਯਾਰ ਦੀਪ ਬਾਲ !


ਨੀ ਪੀੜਾਂ ਦਾ ਪਰਾਗਾ ਭੁੰਨ ਦੇ

ਭੱਠੀ ਵਾਲੀਏ ।

ਸੌਂ ਗਈਆਂ ਹਵਾਵਾਂ ਰੋ ਰੋ

ਕਰ ਵਿਰਲਾਪ ਨੀ

ਤਾਰਿਆਂ ਨੂੰ ਚੜ੍ਹ ਗਿਆ

ਮੱਠਾ ਮੱਠਾ ਤਾਪ ਨੀ

ਜੰਞ ਸਾਹਵਾਂ ਦੀ ਦਾ ਰੁੱਸ ਗਿਆ ਲਾੜਾ

ਨੀ ਪੀੜਾਂ ਦਾ ਪਰਾਗਾ ਭੁੰਨ ਦੇ

ਭੱਠੀ ਵਾਲੀਏ ।

ਤੈਨੂੰ ਦਿਆਂ ਹੰਝੂਆਂ ਦਾ ਭਾੜਾ

ਨੀ ਪੀੜਾਂ ਦਾ ਪਰਾਗਾ ਭੁੰਨ ਦੇ

ਭੱਠੀ ਵਾਲੀਏ ।


ਪਿੱਛੇ ਮੇਰੇ ਮੇਰਾ ਸਾਇਆ

ਅੱਗੇ ਮੇਰੇ ਮੇਰਾ ਨ੍ਹੇਰਾ

ਕਿਤੇ ਜਾਏ ਨਾ ਬਾਹੀਂ ਛੱਡ

ਵੇ ਤੇਰਾ ਬਿਰਹੜਾ ।

ਨਾ ਇਸ ਵਿਚ ਕਿਸੇ ਤਨ ਦੀ ਮਿੱਟੀ

ਨਾ ਇਸ ਵਿਚ ਕਿਸੇ ਮਨ ਦਾ ਕੂੜਾ

ਅਸਾਂ ਚਾੜ੍ਹ ਛਟਾਇਆ ਛੱਜ

ਵੇ ਤੇਰਾ ਬਿਰਹੜਾ ।

ਜਦ ਵੀ ਗ਼ਮ ਦੀਆਂ ਘੜੀਆਂ ਆਈਆਂ

ਲੈ ਕੇ ਪੀੜਾਂ ਤੇ ਤਨਹਾਈਆਂ

ਅਸਾਂ ਕੋਲ ਬਿਠਾਇਆ ਸੱਦ

ਵੇ ਤੇਰਾ ਬਿਰਹੜਾ ।

ਕਦੀ ਤਾਂ ਸਾਥੋਂ ਸ਼ਬਦ ਰੰਗਾਵੇ

ਕਦੀ ਤਾਂ ਸਾਥੋਂ ਗੀਤ ਉਣਾਵੇ

ਸਾਨੂੰ ਲੱਖ ਸਿਖਾ ਗਿਆ ਚੱਜ

ਵੇ ਤੇਰਾ ਬਿਰਹੜਾ ।

ਜਦ ਪੀੜਾਂ ਮੇਰੇ ਪੈਰੀਂ ਪਈਆਂ

ਸਿਦਕ ਮੇਰੇ ਦੇ ਸਦਕੇ ਗਈਆਂ

ਤਾਂ ਵੇਖਣ ਆਇਆ ਜੱਗ

ਵੇ ਤੇਰਾ ਬਿਰਹੜਾ ।

ਅਸਾਂ ਜਾਂ ਇਸ਼ਕੋਂ ਰੁਤਬਾ ਪਾਇਆ

ਲੋਕ ਵਧਾਈਆਂ ਦੇਵਣ ਆਇਆ

ਸਾਡੇ ਰੋਇਆ ਗਲ ਨੂੰ ਲੱਗ

ਵੇ ਤੇਰਾ ਬਿਰਹੜਾ ।

ਮੈਨੂੰ ਤਾਂ ਕੁਝ ਅਕਲ ਨਾ ਕਾਈ

ਦੁਨੀਆਂ ਮੈਨੂੰ ਦੱਸਣ ਆਈ

ਸਾਨੂੰ ਤਖ਼ਤ ਬਿਠਾ ਗਿਆ ਅੱਜ

ਵੇ ਤੇਰਾ ਬਿਰਹੜਾ ।

ਸਾਨੂੰ ਸੌ ਮੱਕਿਆਂ ਦਾ ਹੱਜ

ਵੇ ਤੇਰਾ ਬਿਰਹੜਾ ।

ਅਸਾਂ ਕਿਸ ਖ਼ਾਤਰ ਹੁਣ ਜੀਣਾ ।


ਸੱਜਣ ਜੀ


ਇਸ ਮਿੱਟੀ ਦੀ


ਸਾਡੀ ਮਿੱਟੀ ਨਾਲ ਭਿਆਲੀ


ਜੇ ਅੰਗ ਲਾਈਏ


ਗੋਰੀ ਥੀਵੇ


ਨਾ ਲਾਈਏ ਤਾਂ ਕਾਲੀ


ਇਹ ਮਿੱਟੀ ਤਾਂ ਕੰਜਕ ਜਾਈ


ਕੰਜਕ ਏਸ ਮਰੀਣਾਂ


ਸੱਜਣ ਜੀ


ਅਸਾਂ ਕਿਸ ਖ਼ਾਤਰ ਹੁਣ ਜੀਣਾ ।


ਸੱਜਣ ਜੀ


ਇਹ ਮਿੱਟੀ ਹੋਈ


ਹੁਣ ਆਥਣ ਦੀ ਸਾਥਣ


ਇਸ ਮਿੱਟੀ ਵਿੱਚ


ਨਿਸ ਦਿਨ ਸਾਡੇ


ਕੋਸੇ ਰੰਗ ਗਵਾਚਣ


ਇਸ ਮਿੱਟੀ ਦੇ ਪਾਟੇ ਦਿਲ ਨੂੰ


ਕਦੇ ਕਿਸੇ ਨਾ ਸੀਣਾ ।


ਸੱਜਣ ਜੀ


ਅਸਾਂ ਕਿਸ ਖ਼ਾਤਿਰ ਹੁਣ ਜੀਣਾ


ਸਾਡੇ ਮੁੱਖ ਦਾ ਮੈਲਾ ਚਾਨਣ


ਕਿਸ ਚੁੰਮਣਾ ਕਿਸ ਪੀਣਾ ?


ਸੱਜਣ ਜੀ


ਅਸਾਂ ਕਿਸ ਖ਼ਾਤਰ ਹੁਣ ਜੀਣਾ ।

ਸੱਜਣ ਜੀ ਬਸ ਏਦਾਂ ਹੀ ਕੁਝ

ਹਰ ਬਾਵੇ ਦੀ ਔਧ ਬਿਹਾਵੇ

ਅਸੀਂ ਤਾਂ ਬਸ ਮਿੱਟੜੀ ਦੇ ਬਾਵੇ

ਨਿੱਤ ਸਾਨੂੰ ਬਿਰਹਾ

ਸਿਰ 'ਤੇ ਚਾ ਕੇ

ਤਕਦੀਰਾਂ ਦੇ ਮੇਲੇ ਅੰਦਰ

ਨਿਸ ਦਿਨ ਵੇਚਣ ਜਾਵੇ

ਅਸੀਂ ਤਾਂ ਬਸ ਮਿੱਟੜੀ ਦੇ ਬਾਵੇ ।

ਸੱਜਣ ਜੀ ਅਸੀਂ ਮਿੱਟੀ ਦੇ ਬਾਵੇ

ਨਿੱਤ ਸਾਨੂੰ ਬਿਰਹਾ

ਸਿਰ 'ਤੇ ਚਾ ਕੇ

ਤਕਦੀਰਾਂ ਦੇ ਮੇਲੇ ਅੰਦਰ

ਨਿਸ ਦਿਨ ਵੇਚਣ ਜਾਵੇ

ਸੱਜਣ ਜੀ

ਅਸੀਂ ਮਿੱਟੀ ਦੇ ਬਾਵੇ ।


ਮੇਰੇ ਰਾਮ ਜੀਓ


ਤੁਸੀਂ ਕਿਹੜੀ ਰੁੱਤੇ ਆਏ ਮੇਰੇ ਰਾਮ ਜੀਉ 

ਜਦੋਂ ਬਾਗ਼ੀ ਫੁੱਲ ਕੁਮਲਾਏ ਮੇਰੇ ਰਾਮ ਜੀਉ । ਕਿਥੇ ਸਉ ਜਦ ਅੰਗ ਸੰਗ ਸਾਡੇ 

ਰੁੱਤ ਜੋਬਨ ਦੀ ਮੌਲੀ ਕਿਥੇ 

ਸਉ ਜਦ ਤਨੁ ਮਨ ਸਾਡੇ 

ਗਈ ਕਥੂਰੀ ਘੋਲੀ ਕਿਥੇ 

ਸਉ ਜਦ ਸਾਹ ਵਿਚ 

ਚੰਬਾ ਚੇਤਰ ਬੀਜਣ ਆਏ 

ਮੇਰੇ ਰਾਮ ਜੀਉ

ਮੇਰੇ ਰਾਮ ਜੀਉ 

ਜਦੋਂ ਬਾਗ਼ੀ ਫੁੱਲ ਕੁਮਲਾਏ 

ਮੇਰੇ ਰਾਮ ਜੀਉ । 

ਕਿਥੇ ਸਉ ਮੇਰੇ ਪ੍ਰਭ ਜੀ 

ਜਦ ਇਹ ਕੰਜਕ ਜਿੰਦ ਨਿਮਾਣੀ ਨੀਮ-ਪਿਆਜ਼ੀ ਰੂਪ-ਸਰਾਂ ਦਾ 

ਪੀ ਕੇ ਆਈ ਪਾਣੀ 

ਕਿਥੇ ਸਉ ਜਦ ਧਰਮੀ ਬਾਬਲ 

ਸਾਡੇ ਕਾਜ ਰਚਾਏ 

ਮੇਰੇ ਰਾਮ ਜੀਉ 

ਤੁਸੀਂ ਕਿਹੜੀ ਰੁੱਤੇ ਆਏ 

ਮੇਰੇ ਰਾਮ ਜੀਉ

ਸਉਣ ਮਹੀਨੇ ਬੀਤੇ ਕਿਥੇ 

ਸਉ ਜਦ ਮਹਿਕਾਂ ਦੇ 

ਅਸਾਂ ਦੀਪ ਚਮੁਖੀਏ 

ਸੀਖੇ ਕਿਥੇ ਸਉ 

ਉਸ ਰੁੱਤੇ ਤੇ ਤੁਸੀਂ 

ਉਦੋਂ ਕਿਉਂ ਨਾ ਆਏ 

ਮੇਰੇ ਰਾਮ ਜੀਉ 

ਤੁਸੀਂ ਕਿਹੜੀ ਰੁੱਤੇ ਆਏ 

ਮੇਰੇ ਰਾਮ ਜੀਉ 

ਜਦੋਂ ਬਾਗ਼ੀ ਫੁੱਲ ਕੁਮਲਾਏ 

ਮੇਰੇ ਰਾਮ ਜੀਉ । 

ਕਿਥੇ ਸਉ ਜਦ ਜਿੰਦ ਮਜਾਜਣ 

ਨਾਂ ਲੈ ਲੈ ਕੁਰਲਾਈ 

ਉਮਰ- ਚੰਦੋਆ ਤਾਣ ਵਿਚਾਰੀ

ਗ਼ਮ ਦੀ ਬੀੜ ਰਖਾਈ

ਕਿਥੇ ਸਉ ਜਦ ਵਾਕ ਲੈਂਦਿਆਂ

ਹੋਂਠ ਨਾ ਅਸਾਂ ਹਿਲਾਏ 

ਤੁਸੀਂ ਕਿਹੜੀ ਰੁੱਤੇ ਆਏ 

ਮੇਰੇ ਰਾਮ ਜੀਉ 

ਜਦੋਂ ਬਾਗ਼ੀ ਫੁੱਲ ਕੁਮਲਾਏ 

ਮੇਰੇ ਰਾਮ ਜੀਉ ॥ 

ਹੁਣ ਤਾਂ ਪ੍ਰਭ ਜੀ ਨਾ 

ਤਨ ਆਪਣਾ ਤੇ ਨਾ 

ਹੀ ਮਨ ਆਪਣਾ ਬੇਹੇ 

ਫੁੱਲ ਦਾ ਪਾਪ ਵਡੇਰਾ 

ਦਿਉਤੇ ਅੱਗੇ ਰੱਖਣਾ 

ਹੁਣ ਤਾਂ ਪ੍ਰਭ ਜੀ ਬਹੁੰ 

ਪੁੰਨ ਹੋਵੇ ਜੇ ਜਿਦ 

ਖਾਕ ਹੰਢਾਏ 

ਮੇਰੇ ਰਾਮ ਜੀਉ । 

ਤੁਸੀਂ ਕਿਹੜੀ ਰੁੱਤੇ ਆਏ 

ਮੇਰੇ ਰਾਮ ਜੀਉ ॥

ਹੁਣ ਤਾਂ ਪ੍ਰਭ ਜੀ 

ਬਹੁੰ ਪੁੰਨ ਹੋਵੇ ਜੇ 

ਜਿਦ ਖਾਕ ਹੰਢਾਏ 

ਤੁਸੀਂ ਕਿਹੜੀ ਰੁੱਤੇ ਆਏ 

ਜਦੋਂ ਬਾਗ਼ੀ ਫੁੱਲ ਕੁਮਲਾਏ

ਮੇਰੇ ਰਾਮ ਜੀਉ ।

ਮੇਰੇ ਰਾਮ ਜੀਉ।


ਮੇਰੇ ਰੰਗ ਦਾ ਪਾਣੀ

ਸਾਉਣ ਮਹੀਨੇ ਕੂਲ੍ਹੀਂ ਵਗਦਾ

ਮੇਰੇ ਰੰਗ ਦਾ ਪਾਣੀ

ਨੀ ਮਾਏ ਮੇਰੀਏ ।

ਨਿੱਕੇ ਨਿੱਕੇ ਘੁੰਗਰੂ ਬੰਨ੍ਹ ਪੈਰਾਂ ਥੀਂ

ਨਿੱਕੇ ਨਿੱਕੇ ਵੱਟਿਆਂ ਥਾਣੀਂ

ਨੀ ਮਾਏ ਮੇਰੀਏ ।

ਨੀਮ ਵੈਂਗਣੀ ਨੀਲੇ ਪਰਬਤ

ਜਿਉਂ ਗਗਨਾਂ ਦੇ ਹਾਣੀ

ਨੀ ਮਾਏ ਮੇਰੀਏ ।

ਲਾਲ ਕਲੇਜੀ ਰੰਗਾ ਸੂਰਜ

ਫੁੱਲ ਅੰਬਰ ਦੀ ਟਾਹਣੀ

ਨੀ ਮਾਏ ਮੇਰੀਏ ।

ਨੀਮ ਗੁਲਾਬੀ ਉੱਡਣ ਬੱਦਲ

ਜਿਉਂ ਕੰਵਲਾਂ ਦੀ ਢਾਣੀ

ਨੀ ਮਾਏ ਮੇਰੀਏ ।

ਪੌਣਾਂ ਦੇ ਸਾਹ ਚੁੰਮਣਾਂ ਵਰਗੇ

ਪੀਵੇ ਜਿੰਦ ਨਿਮਾਣੀ

ਨੀ ਮਾਏ ਮੇਰੀਏ ।

ਜਿਉਂ-ਜਿਉਂ ਪੀਵੇ ਤਿਉਂ-ਤਿਉਂ ਰੋਵੇ

ਲੱਭੇ ਮੋਏ ਹਾਣੀ

ਨੀ ਮਾਏ ਮੇਰੀਏ ।

ਅੱਥਰੀ ਪੀੜ ਕਲੇਜੇ ਚੁਗਦੀ

ਗ਼ਮ ਦੀ ਚੋਗ ਪੁਰਾਣੀ

ਨੀ ਮਾਏ ਮੇਰੀਏ ।

ਸੱਦ ਤਬੀਬਾ ਜਿਸ ਦੇ ਬਾਝੋਂ

ਇਹ ਜਿੰਦ ਦਰਦ-ਰੰਝਾਣੀ

ਨੀ ਮਾਏ ਮੇਰੀਏ ।

ਉਹਦੇ ਸਾਥ ਬਿਨਾਂ ਇਹ ਸਾਥੋਂ

ਜਾਵੇ ਰੁੱਤ ਨਾ ਮਾਣੀ

ਨੀ ਮਾਏ ਮੇਰੀਏ ।

ਜੇ ਮੈਂ ਮਾਣਾਂ ਛਿੜਬ ਕਰੀਵੇ

ਮੇਰੀ ਪੀੜ ਨਿਆਣੀ

ਨੀ ਮਾਏ ਮੇਰੀਏ ।

ਸਾਉਣ ਮਹੀਨੇ ਕੂਲ੍ਹੀਂ ਵਗਦਾ

ਮੇਰੇ ਰੰਗ ਦਾ ਪਾਣੀ

ਨੀ ਮਾਏ ਮੇਰੀਏ ।


ਮੈਨੂੰ ਵਿਦਾ ਕਰੋ


ਮੈਨੂੰ ਵਿਦਾ ਕਰੋ ਮੇਰੇ ਰਾਮ

ਮੈਨੂੰ ਵਿਦਾ ਕਰੋ

ਕੋਸਾ ਹੰਝ ਸ਼ਗਨ ਪਾਉ ਸਾਨੂੰ

ਬਿਰਹਾ ਤਲੀ ਧਰੋ ।

ਤੇ ਮੈਨੂੰ ਵਿਦਾ ਕਰੋ ।

ਵਾਰੋ ਪੀੜ ਮੇਰੀ ਦੇ ਸਿਰ ਤੋਂ

ਨੈਣ-ਸਰਾਂ ਦਾ ਪਾਣੀ

ਇਸ ਪਾਣੀ ਨੂੰ ਜੱਗ ਵਿਚ ਵੰਡੋ

ਹਰ ਇਕ ਆਸ਼ਕ ਤਾਣੀਂ

ਪ੍ਰਭ ਜੀ ਜੇ ਕੋਈ ਬੂੰਦ ਬਚੇ

ਉਹਦਾ ਆਪੇ ਘੁੱਟ ਭਰੋ

ਤੇ ਮੈਨੂੰ ਵਿਦਾ ਕਰੋ

ਕੋਸਾ ਹੰਝ ਸ਼ਗਨ ਪਾਉ ਸਾਨੂੰ

ਬਿਰਹਾ ਤਲੀ ਧਰੋ ।

ਤੇ ਮੈਨੂੰ ਵਿਦਾ ਕਰੋ ।

ਪ੍ਰਭ ਜੀ ਏਸ ਵਿਦਾ ਦੇ ਵੇਲੇ

ਸੱਚੀ ਗੱਲ ਅਲਾਈਏ

ਦਾਨ ਕਰਾਈਏ ਜਾਂ ਕਰ ਮੋਤੀ

ਤਾਂ ਕਰ ਬਿਰਹਾ ਪਾਈਏ

ਪ੍ਰਭ ਜੀ ਹੁਣ ਤਾਂ ਬਿਰਹੋਂ-ਵਿਹੂਣੀ

ਮਿੱਟੀ ਮੁਕਤ ਕਰੋ

ਤੇ ਮੈਨੂੰ ਵਿਦਾ ਕਰੋ

ਕੋਸਾ ਹੰਝ ਸ਼ਗਨ ਪਾਉ ਸਾਨੂੰ

ਬਿਰਹਾ ਤਲੀ ਧਰੋ ।

ਤੇ ਮੈਨੂੰ ਵਿਦਾ ਕਰੋ ।

ਦੁੱਧ ਦੀ ਰੁੱਤੇ ਅੰਮੜੀ ਮੋਈ

ਬਾਬਲ ਬਾਲ ਵਰੇਸੇ

ਜੋਬਨ ਰੁੱਤੇ ਸੱਜਣ ਮਰਿਆ

ਮੋਏ ਗੀਤ ਪਲੇਠੇ

ਹੁਣ ਤਾਂ ਪ੍ਰਭ ਜੀ ਹਾੜਾ ਜੇ

ਸਾਡੀ ਬਾਂਹ ਨਾ ਘੁੱਟ ਫੜੋ

ਮੈਨੂੰ ਵਿਦਾ ਕਰੋ ।

ਕੋਸਾ ਹੰਝ ਸ਼ਗਨ ਪਾਉ ਸਾਨੂੰ

ਬਿਰਹਾ ਤਲੀ ਧਰੋ ।

ਤੇ ਮੈਨੂੰ ਵਿਦਾ ਕਰੋ ।


ਮੈਂ ਕੱਲ੍ਹ ਨਹੀਂ ਰਹਿਣਾ

ਨੀ ਜਿੰਦੇ
ਮੈਂ ਕੱਲ੍ਹ ਨਹੀਂ ਰਹਿਣਾ
ਅੱਜ ਰਾਤੀਂ ਅਸੀਂ ਘੁੱਟ ਬਾਹਾਂ ਵਿਚ
ਗੀਤਾਂ ਦਾ ਇਕ ਚੁੰਮਣ ਲੈਣਾ
ਨੀ ਜਿੰਦੇ
ਮੈਂ ਕੱਲ੍ਹ ਨਹੀਂ ਰਹਿਣਾ ।

ਨਾ ਕੱਲ੍ਹ ਖਿੜਣਾ ਚਾਨਣ ਦਾ ਫੁੱਲ
ਨਾ ਕੱਲ੍ਹ ਖਿੜਣਾ ਚੰਬਾ
ਨਾ ਕੱਲ੍ਹ ਬਾਗ਼ੀਂ ਮਹਿਕਾਂ ਫਿਰਨਾ
ਕਰ ਕਰ ਕੇ ਨੀ ਸਿਰ ਨੰਗਾ
ਨਾ ਅੱਜ ਵਾਕਣ
ਲਿਫ਼ ਲਿਫ਼ ਟਾਹਣਾਂ
ਧਰਤੀ ਪੈਰੀਂ ਪੈਣਾ
ਨੀ ਜਿੰਦੇ
ਮੈਂ ਕੱਲ੍ਹ ਨਹੀਂ ਰਹਿਣਾ ।

ਕੂੰਜਾਂ ਉੱਡ ਪੁੱਡ ਜਾਣਾ
ਕਿਧਰੇ ਦੂਰ ਦਿਸੌਰੀਂ
ਕੱਲ੍ਹ ਤਕ ਪੀੜ ਮੇਰੀ ਨੂੰ ਸਮਿਆਂ
ਵਲ ਲੈ ਜਾਣਾ ਜ਼ੋਰੀਂ
ਨਾ ਰੁੱਤਾਂ ਗਲ
ਕੱਲ੍ਹ ਨੂੰ ਰਹਿਣਾ
ਫੁੱਲਾਂ ਦਾ ਕੋਈ ਗਹਿਣਾ
ਨੀ ਜਿੰਦੇ

ਮੈਂ ਕੱਲ੍ਹ ਨਹੀਂ ਰਹਿਣਾ ।


ਪੁਰੇ ਦੀਏ ਪੌਣੇ ਗੀਤਾਂ

ਨਾ ਰਾਹਵਾਂ ਦੀਆਂ ਪੈੜਾਂ ਕੱਲ੍ਹ ਨੂੰ
ਦਿਨ ਚੜ੍ਹਦੇ ਤਕ ਜੀਣਾ
ਨਾ ਮੇਰੇ ਗੀਤਾਂ ਬਿਰਹੇ ਜੋਗਾ
ਸੁੱਚਾ ਝੱਗਾ ਸੀਣਾ
ਮੁੜ ਨਾ ਤਵਾਰੀਖ਼ ਦੀ ਛਾਵੇਂ
ਇੰਝ ਹੰਝੂ ਕੋਈ ਬਹਿਣਾ
ਨੀ ਜਿੰਦੇ
ਮੈਂ ਕੱਲ੍ਹ ਨਹੀਂ ਰਹਿਣਾ ।

ਨਾ ਅੱਜ ਵਾਕਣ ਮੁੜ ਮਿਲ ਕੇ ਰਲ ਮਿਲ
ਤੂੰ ਬਹਿਣਾ ਮੈਂ ਬਹਿਣਾ
ਨਾ ਕੱਲ੍ਹ ਏਦਾਂ ਸੂਰਜ ਚੜ੍ਹਨਾ
ਨਾ ਕੱਲ੍ਹ ਏਦਾਂ ਲਹਿਣਾ
ਸਮੇਂ ਦੇ ਪੰਛੀ ਦਾਣਾ ਦਾਣਾ
ਸਾਹਵਾਂ ਦਾ ਚੁਗ ਲੈਣਾ
ਨੀ ਜਿੰਦੇ
ਮੈਂ ਕੱਲ੍ਹ ਨਹੀਂ ਰਹਿਣਾ
ਅੱਜ ਰਾਤੀਂ ਅਸੀਂ ਘੁੱਟ ਬਾਹਾਂ ਵਿਚ

ਗੀਤਾਂ ਦਾ ਇਕ ਚੁੰਮਣ ਲੈਣਾ ।
ਜੂਹੀ ਦਿਆਂ ਫੁੱਲਾਂ ਉੱਤੇ
ਕਾਲੀ ਜਿਹੀ ਓਢ ਕੇ ਨੀ ਲੋਈ ।

ਕਿਰਨਾਂ ਦਾ ਧਾਗਾ
ਸਾਨੂੰ ਲਹਿਰਾਂ ਦੀ ਸੂਈ ਵਿਚ
ਨੈਣਾਂ ਵਾਲਾ ਪਾ ਦੇ ਅੱਜ ਕੋਈ
ਲੱਭੇ ਨਾ ਨੀ ਨੱਕਾ
ਸਾਡੀ ਨੀਝ ਨਿਮਾਨੜੀ ਨੂੰ
ਰੋ-ਰੋ ਅੱਜ ਧੁੰਦਲੀ ਸੂ ਹੋਈ ।

ਸੱਦੀਂ ਨੀਂ ਛੀਂਬਾ ਕੋਈ
ਜਿਹੜਾ ਅਸਾਡੜੀ
ਮੰਨ ਲਵੇ ਅੱਜ ਅਰਜੋਈ
ਠੇਕ ਦੇਵੇ ਲੇਖਾਂ ਦੀ
ਜੋ ਕੋਰੀ ਚਾਦਰ
ਪਾ ਕੇ ਫੁੱਲ ਖ਼ੁਸ਼ੀ ਦਾ ਕੋਈ ।

ਪੁਰੇ ਦੀਏ ਪੌਣੇ
ਇਕ ਚੁੰਮਣ ਦੇ ਜਾ
ਛਿੱਟ ਸਾਰੀ ਦੇ ਜਾ ਖ਼ੁਸ਼ਬੋਈ
ਅੱਜ ਸਾਨੂੰ ਪੁੰਨਿਆਂ ਦੀ
ਓਦਰੀ ਜਹੀ ਚਾਨਣੀ ਦੇ
ਹੋਰ ਨਹੀਉਂ ਵੇਖਦਾ ਨੀ ਕੋਈ ।

ਰਾਤ ਚਾਨਣੀ ਮੈਂ ਟੁਰਾਂ

ਰਾਤ ਚਾਨਣੀ ਮੈਂ ਟੁਰਾਂ
ਮੇਰਾ ਨਾਲ ਟੁਰੇ ਪਰਛਾਵਾਂ
ਜਿੰਦੇ ਮੇਰੀਏ ।
ਗਲੀਏ ਗਲੀਏ ਚਾਨਣ ਸੁੱਤੇ
ਮੈਂ ਕਿਸ ਗਲੀਏ ਆਵਾਂ
ਜਿੰਦੇ ਮੇਰੀਏ ।
ਠੀਕਰ-ਪਹਿਰਾ ਦੇਣ ਸੁਗੰਧੀਆਂ
ਲੋਰੀ ਦੇਣ ਹਵਾਵਾਂ
ਜਿੰਦੇ ਮੇਰੀਏ ।
ਮੈਂ ਰਿਸ਼ਮਾਂ ਦਾ ਵਾਕਫ਼ ਨਾਹੀਂ
ਕਿਹੜੀ ਰਿਸ਼ਮ ਜਗਾਵਾਂ
ਜਿੰਦੇ ਮੇਰੀਏ ?
ਜੇ ਕੋਈ ਰਿਸ਼ਮ ਜਗਾਵਾਂ ਅੜੀਏ
ਡਾਢਾ ਪਾਪ ਕਮਾਵਾਂ
ਜਿੰਦੇ ਮੇਰੀਏ ।
ਡਰਦੀ ਡਰਦੀ ਟੁਰਾਂ ਨਿਮਾਣੀ
ਪੋਲੇ ਪੱਬ ਟਿਕਾਵਾਂ
ਜਿੰਦੇ ਮੇਰੀਏ ।
ਸਾਡੇ ਪੋਤੜਿਆਂ ਵਿਚ ਬਿਰਹਾ
ਰੱਖਿਆ ਸਾਡੀਆਂ ਮਾਵਾਂ
ਜਿੰਦੇ ਮੇਰੀਏ ।
ਚਾਨਣ ਸਾਡੇ ਮੁੱਢੋਂ ਵੈਰੀ
ਕੀਕਣ ਅੰਗ ਛੁਹਾਵਾਂ
ਜਿੰਦੇ ਮੇਰੀਏ ?
ਰਾਤ ਚਾਨਣੀ ਮੈਂ ਟੁਰਾਂ
ਮੇਰਾ ਨਾਲ ਟੁਰੇ ਪਰਛਾਵਾਂ
ਜਿੰਦੇ ਮੇਰੀਏ ।
ਗਲੀਏ ਗਲੀਏ ਚਾਨਣ ਸੁੱਤੇ
ਮੈਂ ਕਿਸ ਗਲੀਏ ਆਵਾਂ
ਜਿੰਦੇ ਮੇਰੀਏ ।

ਰਾਤਾਂ ਕਾਲੀਆਂ (ਝੁਰਮਟ ਬੋਲੇ)

ਝੁਰਮਟ ਬੋਲੇ, ਝੁਰਮਟ ਬੋਲੇ

ਸ਼ਾਰਾ…ਰਾਰਾ…ਰਾ

ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ

ਹਾਏ ਓਏ ਰਾਤਾਂ ਕਾਲੀਆਂ

ਚੁੰਨੀ ਲੈਣੀ, ਚੁੰਨੀ ਲੈਣੀ ਚੀਨ-ਮੀਨ ਦੀ

ਜਿਹੜੀ ਸੌ ਦੀ ਸਵਾ ਗਜ਼ ਆਵੇ

ਹਾਏ ਓਏ ਰਾਤਾਂ ਕਾਲੀਆਂ ।

ਝੁਰਮਟ ਬੋਲੇ, ਝੁਰਮਟ ਬੋਲੇ

ਬੋਲੇ ਕਾਲੇ ਬਾਗ਼ੀਂ

ਜੀਕਣ ਡਾਰ ਕੂੰਜਾਂ ਦੀ ਬੈਠੀ

ਰੁਦਨ ਕਰੇਂਦੀ ਢਾਬੀਂ

ਵੀਰ ਤੇਰੇ ਬਿਨ ਨੀਂਦ ਨਾ ਆਵੇ

ਜਾਗੀਂ ਨਣਦੇ ਜਾਗੀਂ

ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ

ਹਾਏ ਓਏ ਰਾਤਾਂ ਕਾਲੀਆਂ ।

ਝੁਰਮਟ ਬੋਲੇ, ਝੁਰਮਟ ਬੋਲੇ

ਬੋਲੇ ਨੀ ਵਿਚ ਰਾਹਵਾਂ

ਸੋਨੇ ਚੁੰਝ ਮੜ੍ਹਾਵਾਂ ਤੇਰੀ

ਉੱਡੀਂ ਵੇ ਕਾਲਿਆ ਕਾਵਾਂ

ਮਾਹੀ ਮੇਰਾ ਜੇ ਮੁੜੇ ਲਾਮ ਤੋਂ

ਕੁੱਟ ਕੁੱਟ ਚੂਰੀਆਂ ਪਾਵਾਂ

ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ

ਹਾਏ ਓਏ ਰਾਤਾਂ ਕਾਲੀਆਂ ।

ਝੁਰਮਟ ਬੋਲੇ, ਝੁਰਮਟ ਬੋਲੇ

ਬੋਲੇ ਨੀ ਵਿਚ ਰੋਹੀਆਂ

ਕੰਤ ਜਿਨ੍ਹਾਂ ਦੇ ਲਾਮੀਂ ਟੁਰ ਗਏ

ਉਹ ਜਿਊਂਦੇ ਜੀ ਮੋਈਆਂ

ਮੇਰੇ ਵਾਕਣ ਵਿਚ ਜ਼ਮਾਨੇ

ਉਹ ਹੋਈਆਂ ਨਾ ਹੋਈਆਂ

ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ

ਹਾਏ ਓਏ ਰਾਤਾਂ ਕਾਲੀਆਂ ।


ਰਿਸ਼ਮ ਰੁਪਹਿਲੀ

ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ
ਮੈਂ ਤੇਲ ਚੋਈ ਦਹਿਲੀਜ਼
ਸੱਜਣ ਤੇਰੇ ਦੁਆਰੇ ਦੀ ।
ਅਸੀਂ ਮੁਬਾਰਕ
ਤੇਰੀ ਅੱਗ ਵਿੱਚ
ਪਹਿਲੋਂ ਪਹਿਲ ਨਹਾਤੇ
ਤੇਰੀ ਅੱਗ ਦੇ ਸਾਡੀ ਅੱਗ ਵਿੱਚ
ਅੱਜ ਤੱਕ ਬਲਣ ਮੁਆਤੇ
ਅੱਜ ਵੀ ਸਾਡੀ,
ਅੱਗ 'ਚੋਂ ਆਵੇ
ਮਹਿਕ ਤੇਰੇ ਚੰਗਿਆੜੇ ਦੀ
ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ ।
ਸੱਜਣਾ
ਫੁੱਲ ਦੀ ਮਹਿਕ ਮਰੇ
ਪਰ ਅੱਗ ਦੀ ਮਹਿਕ ਨਾ ਮਰਦੀ
ਜਿਉਂ ਜਿਉਂ ਰੁੱਖ ਉਮਰ ਦਾ ਸੁੱਕਦਾ,
ਦੂਣ ਸਵਾਈ ਵਧਦੀ
ਅੱਗ ਦੀ ਮਹਿਕ ਮਰੇ
ਜੇ ਲੱਜਿਆ
ਮਰ ਜਾਏ ਦਰਦ ਕੁਆਰੇ ਦੀ
ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ ।
ਅਸੀਂ ਤਾਂ ਸੱਜਣ
ਅੱਗ ਤੁਹਾਡੀ
ਪਰ ਅੰਗ ਕਦੇ ਨਾ ਘੋਲੀ
ਅੱਗ ਪਰਾਈ
ਸੰਗ ਸਾਡੀ ਲੱਜਿਆ
ਬੋਲ ਕਦੇ ਨਾ ਬੋਲੀ
ਭਾਵੇਂ ਅੱਗ ਅਮਾਨਤ ਸਾਡੀ
ਅੱਜ ਕਿਸੇ ਹੋਰ ਅੰਗਾਰੇ ਦੀ
ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ
ਮੈਂ ਤੇਲ ਚੋਈ ਦਹਿਲੀਜ਼
ਸੱਜਣ ਤੇਰੇ ਦੁਆਰੇ ਦੀ ।

ਲੱਛੀ ਕੁੜੀ

ਕਾਲੀ ਦਾਤਰੀ ਚੰਨਣ ਦਾ ਦਸਤਾ

ਤੇ ਲੱਛੀ ਕੁੜੀ ਵਾਢੀਆਂ ਕਰੇ

ਉਹਦੇ ਨੈਣਾਂ ਵਿਚ ਲੱਪ ਲੱਪ ਕੱਜਲਾ

ਤੇ ਕੰਨਾਂ ਵਿਚ ਕੋਕਲੇ ਹਰੇ ।

ਮੁੱਖ ਤੇ ਪਸੀਨਾ ਉਹਦੇ ਖਾਵੇ ਇੰਜ ਮੇਲ ਨੀ

ਜਿਵੇਂ ਹੁੰਦੀ ਕੰਮੀਆਂ 'ਤੇ ਕੱਤੇ ਦੀ ਤ੍ਰੇਲ ਨੀ

ਉਹਦੀ ਹੱਥ ਜੇਡੀ ਲੰਮੀ ਧੌਣ ਵੇਖ ਕੇ

ਪੈਲਾਂ ਪਾਉਣੋਂ ਮੋਰ ਵੀ ਡਰੇ

ਕਾਲੀ ਦਾਤਰੀ…।

ਰੰਗ ਦੀ ਪਿਆਰੀ ਤੇ ਸ਼ਰਾਬੀ ਉਹਦੀ ਟੋਰ ਨੀ

ਬਾਗ਼ਾਂ ਵਿਚੋਂ ਲੰਘਦੀ ਨੂੰ ਲੜ ਜਾਂਦੇ ਭੌਰ ਨੀ

ਉਹਦੇ ਵਾਲਾਂ ਵਿਚ ਮੱਸਿਆ ਨੂੰ ਵੇਖ ਕੇ

ਕਿੰਨੇ ਚੰਨ ਡੁੱਬ ਕੇ ਮਰੇ

ਕਾਲੀ ਦਾਤਰੀ…।

ਗੋਰੇ ਹੱਥੀਂ ਦਾਤਰੀ ਨੂੰ ਪਾਇਆ ਏ ਹਨੇਰ ਨੀ

ਵੱਢ ਵੱਢ ਲਾਈ ਜਾਵੇ ਕਣਕਾਂ ਦੇ ਢੇਰ ਨੀ

ਉਹਨੂੰ ਧੁੱਪ ਵਿਚ ਭਖਦੀ ਨੂੰ ਵੇਖ ਕੇ

ਬੱਦਲਾਂ ਦੇ ਨੈਣ ਨੇ ਭਰੇ

ਕਾਲੀ ਦਾਤਰੀ ਚੰਨਣ ਦਾ ਦਸਤਾ

ਤੇ ਲੱਛੀ ਕੁੜੀ ਵਾਢੀਆਂ ਕਰੇ…।

ਲੂਣਾ-ਧਰਮੀ ਬਾਬਲ ਪਾਪ ਕਮਾਇਆ

ਧਰਮੀ ਬਾਬਲ ਪਾਪ ਕਮਾਇਆ
ਲੜ ਲਾਇਆ ਸਾਡੇ ਫੁੱਲ ਕੁਮਲਾਇਆ
ਜਿਸ ਦਾ ਇੱਛਰਾਂ ਰੂਪ ਹੰਢਾਇਆ
ਮੈਂ ਪੂਰਨ ਦੀ ਮਾਂ । ਪੂਰਨ ਦੇ ਹਾਣ ਦੀ ।
ਮੈਂ ਉਸ ਤੋਂ ਇਕ ਚੁੰਮਣ ਵੱਡੀ
ਪਰ ਮੈਂ ਕੀਕਣ ਮਾਂ ਉਹਦੀ ਲੱਗੀ
ਉਹ ਮੇਰੀ ਗਰਭ ਜੂਨ ਨਾ ਆਇਆ
ਲੋਕਾ ਵੇ, ਮੈਂ ਧੀ ਵਰਗੀ ਸਲਵਾਨ ਦੀ ।
ਪਿਤਾ ਜੇ ਧੀ ਦਾ ਰੂਪ ਹੰਢਾਵੇ
ਲੋਕਾ ਵੇ ! ਤੈਨੂੰ ਲਾਜ ਨਾ ਆਵੇ
ਜੇ ਲੂਣਾ ਪੂਰਨ ਨੂੰ ਚਾਹਵੇ
ਚਰਿਤ੍ਰ-ਹੀਣ ਕਵ੍ਹੇ ਕਿਉਂ ਜੀਭ ਜਹਾਨ ਦੀ ।
ਚਰਿਤ੍ਰ-ਹੀਣ ਤੇ ਤਾਂ ਕੋਈ ਆਖੇ
ਜੇ ਕਰ ਲੂਣਾ ਵੇਚੇ ਹਾਸੇ
ਪਰ ਜੇ ਹਾਣ ਨਾ ਲੱਭਣ ਮਾਪੇ
ਹਾਣ ਲੱਭਣ ਵਿਚ ਗੱਲ ਕੀ ਹੈ ਅਪਮਾਨ ਦੀ ।
ਲੂਣਾ ਹੋਵੇ ਤਾਂ ਅਪਰਾਧਣ
ਜੇਕਰ ਅੰਦਰੋਂ ਹੋਏ ਸੁਹਾਗਣ
ਮਹਿਕ ਉਹਦੀ ਜੇ ਹੋਵੇ ਦਾਗ਼ਣ
ਮਹਿਕ ਮੇਰੀ ਤਾਂ ਕੰਜਕ ਮੈਂ ਹੀ ਜਾਣਦੀ ।
ਜੋ ਸਲਵਾਨ ਮੇਰੇ ਲੜ ਲੱਗਾ
ਦਿਨ ਭਰ ਚੁੱਕ ਫ਼ਾਈਲਾਂ ਦਾ ਥੱਬਾ
ਸ਼ਹਿਰੋ ਸ਼ਹਿਰ ਰਵ੍ਹੇ ਨਿੱਤ ਭੱਜਾ
ਮਨ ਵਿੱਚ ਚੇਟਕ ਚਾਂਦੀ ਦੇ ਫੁੱਲ ਖਾਣ ਦੀ ।
ਚਿਰ ਹੋਇਆ ਉਹਦੀ ਇੱਛਰਾਂ ਮੋਈ
ਇਕ ਪੂਰਨ ਜੰਮ ਪੂਰਨ ਹੋਈ
ਉਹ ਪੂਰਨ ਨਾ ਜੋਗੀ ਕੋਈ
ਉਸ ਦੀ ਨਜ਼ਰ ਹੈ ਮੇਰਾ ਹਾਣ ਪਛਾਣਦੀ ।
ਹੋ ਚੱਲਿਆ ਹੈ ਆਥਣ ਵੇਲਾ
ਆਇਆ ਨਹੀਂ ਗੋਰਖ ਦਾ ਚੇਲਾ
ਦਫ਼ਤਰ ਤੋਂ ਅੱਜ ਘਰ ਅਲਬੇਲਾ
ਮੈਂ ਪਈ ਕਰਾਂ ਤਿਆਰੀ ਕੈਫ਼ੇ ਜਾਣ ਦੀ ।
ਧਰਮੀ ਬਾਬਲ ਪਾਪ ਕਮਾਇਆ
ਲੜ ਲਾਇਆ ਸਾਡੇ ਫੁੱਲ ਕੁਮਲਾਇਆ
ਜਿਸ ਦਾ ਇੱਛਰਾਂ ਰੂਪ ਹੰਢਾਇਆ
ਮੈਂ ਪੂਰਨ ਦੀ ਮਾਂ । ਪੂਰਨ ਦੇ ਹਾਣ ਦੀ ।

ਵਾਸਤਾ ਈ ਮੇਰਾ

ਵਾਸਤਾ ਈ ਮੇਰਾ
ਮੇਰੇ ਦਿਲ ਦਿਆ ਮਹਿਰਮਾ ਵੇ
ਫੁੱਲੀਆਂ ਕਨੇਰਾਂ ਘਰ ਆ
ਲੱਗੀ ਤੇਰੀ ਦੀਦ ਦੀ
ਵੇ ਤੇਹ ਸਾਡੇ ਦੀਦਿਆਂ ਨੂੰ
ਇਕ ਘੁੱਟ ਚਾਨਣੀ ਪਿਆ ।

ਕਾਲੇ ਕਾਲੇ ਬਾਗ਼ਾਂ ਵਿਚੋਂ
ਚੰਨਣ ਮੰਗਾਨੀ ਆਂ ਵੇ
ਦੇਨੀ ਆਂ ਮੈਂ ਚੌਕੀਆਂ ਘੜਾ
ਸੋਨੇ ਦਾ ਮੈਂ ਗੜਵਾ
ਤੇ ਗੰਗਾ ਜਲ ਦੇਨੀ ਆਂ ਵੇ
ਮਲ ਮਲ ਵਟਣਾ ਨਹਾ ।

ਸੂਹਾ ਰੰਗ ਆਥਣਾ
ਲਲਾਰਨਾਂ ਤੋਂ ਮੰਗ ਕੇ ਵੇ
ਦੇਨੀ ਆਂ ਮੈਂ ਚੀਰਾ ਵੀ ਰੰਗਾ
ਸ਼ੀਸ਼ਾ ਬਣ ਬਹਿਨੀ ਆਂ
ਮੈਂ ਤੇਰੇ ਸਾਹਵੇਂ ਢੋਲਣਾ ਵੇ
ਇਕ ਤੰਦ ਸੁਰਮੇ ਦੀ ਪਾ ।

ਨਿੱਤ ਤੇਰੇ ਬਿਰਹੇ ਨੂੰ
ਛਿਛੜੇ ਵੇ ਆਦਰਾਂ ਦੇ
ਹੁੰਦੇ ਨਹੀਓਂ ਸਾਡੇ ਤੋਂ ਖੁਆ
ਟੁੱਕ ਚੱਲੇ ਬੇਰੀਆਂ ਵੇ
ਰਾ-ਤੋਤੇ ਰੂਪ ਦੀਆਂ
ਮਾਲੀਆ ਵੇ ਆਣ ਕੇ ਉਡਾ ।

ਰੁੱਖਾਂ ਸੰਗ ਰੁੱਸ ਕੇ
ਹੈ ਟੁਰ ਗਈ ਪੇਕੜੇ ਵੇ
ਸਾਵੀ ਸਾਵੀ ਪੱਤਿਆਂ ਦੀ ਭਾ
ਰੁੱਤਾਂ ਦਾ ਸਪੇਰਾ ਅੱਜ
ਭੌਰਿਆ ਦੀ ਜੀਭ ਉੱਤੇ
ਗਿਆ ਈ ਸਪੋਲੀਆ ਲੜਾ ।

ਥੱਕੀ ਥੱਕੀ ਯਾਦ ਤੇਰੀ
ਆਈ ਸਾਡੇ ਵਿਹੜੇ ਵੇ
ਦਿੱਤੇ ਅਸਾਂ ਪਲੰਘ ਵਿਛਾ
ਮਿੱਠੀ ਮਿੱਠੀ ਮਹਿਕ
ਚੰਬੇਲੀਆਂ ਦੀ ਪਹਿਰਾ ਦੇਂਦੀ
ਅੱਧੀ ਰਾਤੀਂ ਗਈ ਊ ਜਗਾ ।

ਮਾੜੀ ਮਾੜੀ ਹੋਵੇ ਵੇ
ਕਲੇਜੜੇ 'ਚ ਪੀੜ ਜੇਹੀ
ਠੰਡੀ ਠੰਡੀ ਵਗਦੀ ਊ ਵਾ
ਪੈਣ ਪਈਆਂ ਦੰਦਲਾਂ ਵੇ
ਨਦੀ ਦਿਆਂ ਪਾਣੀਆਂ ਨੂੰ
ਨ੍ਹਾਉਂਦੀ ਕੋਈ ਵੇਖ ਕੇ ਸ਼ੁਆ ।

ਪਿੰਡ ਦੀਆਂ ਢੱਕੀਆਂ 'ਤੇ
ਲੱਕ ਲੱਕ ਉੱਗਿਆ ਵੇ
ਪੀਲਾ ਪੀਲਾ ਕਿਰਨਾਂ ਦਾ ਘਾਹ
ਰੁਕ ਰੁਕ ਹੋਈਆਂ
ਤਰਕਾਲਾਂ ਸਾਨੂੰ ਚੰਨਣਾ ਵੇ
ਹੋਰ ਸਾਥੋਂ ਰੁਕਿਆ ਨਾ ਜਾ ।

ਖੇਡੇ ਤੇਰਾ ਦੁਖੜਾ
ਅੰਞਾਣਾ ਸਾਡੇ ਆਂਙਣੇ ਜੇ
ਦੇਨੀ ਆਂ ਤੜਾਗੀਆਂ ਬਣਾ
ਮਾਰ-ਮਾਰ ਅੱਡੀਆਂ
ਜੇ ਨੱਚੇ ਤੇਰੀ ਵੇਦਨਾ ਵੇ
ਦੇਨੀ ਆਂ ਮੈਂ ਝਾਂਜਰਾਂ ਘੜਾ ।

ਉੱਡੀ ਉੱਡੀ ਰੋਹੀਆਂ ਵੱਲੋਂ
ਆਈ ਡਾਰ ਲਾਲੀਆਂ ਦੀ
ਦਿਲ ਦਾ ਗਈ ਬੂਟੜਾ ਹਿਲਾ
ਥੱਕ ਗਈ ਚੁਬਾਰਿਆਂ 'ਤੇ
ਕੰਙਣੀ ਖਿਲਾਰਦੀ ਮੈਂ
ਬੈਠ ਗਈ ਊ ਝੰਗੀਆਂ 'ਚ ਜਾ ।

ਸੋਹਣਿਆਂ ਦੁਮੇਲਾਂ ਦੀ
ਬਲੌਰੀ ਜਿਹੀ ਅੱਖ ਉੱਤੇ
ਬੱਦਲਾਂ ਦਾ ਮਹਿਲ ਪੁਆ
ਸੂਰਜੇ ਤੇ ਚੰਨ ਦੀਆਂ
ਬਾਰੀਆਂ ਰਖਾ ਦੇ ਵਿਚ
ਤਾਰਿਆਂ ਦਾ ਮੋਤੀਆ ਲੁਆ ।

ਵਾਸਤਾ ਈ ਮੇਰਾ
ਮੇਰੇ ਦਿਲ ਦਿਆ ਮਹਿਰਮਾ ਵੇ
ਫੁੱਲੀਆਂ ਕਨੇਰਾਂ ਘਰ ਆ
ਲੱਗੀ ਤੇਰੀ ਦੀਦ ਦੀ
ਵੇ ਤੇਹ ਸਾਡੇ ਦੀਦਿਆਂ ਨੂੰ
ਇਕ ਘੁੱਟ ਚਾਨਣੀ ਪਿਆ ।

ਵੇ ਮਾਹੀਆ

ਲੰਘ ਗਿਆ ਵੇ ਮਾਹੀਆ

ਸਾਵਣ ਲੰਘ ਗਿਆ

ਸਾਰੀ ਧਰਤ ਲਲਾਰੀ

ਸਾਵੀ ਰੰਗ ਗਿਆ ।

ਹਾਣ ਮੇਰੇ ਦੀਆਂ ਕੁੜੀਆਂ ਚਿੜੀਆਂ,

ਬਾਗ਼ੀਂ ਪੀਂਘਾਂ ਪਾਈਆਂ

ਮੈਂ ਤੱਤੜੀ ਪਈ ਯਾਦ ਤੇਰੀ ਸੰਗ

ਖੇਡਾਂ ਪੂਣ ਸਲਾਈਆਂ

ਆਉਣ ਤੇਰੇ ਦਾ ਲਾਰਾ

ਸੂਲੀ ਟੰਗ ਗਿਆ

ਲੰਘ ਗਿਆ ਵੇ ਮਾਹੀਆ…।

ਵੇਖ ਘਟਾਂ ਵਿਚ ਉਡਦੇ ਬਗਲੇ

ਨੈਣਾਂ ਛਹਿਬਰ ਲਾਈ

ਆਪ ਤਾਂ ਤੁਰ ਗਿਉਂ ਲਾਮਾਂ ਉੱਤੇ

ਜਿੰਦ ਮੇਰੀ ਕੁਮਲਾਈ

ਕਾਲਾ ਬਿਸ਼ੀਅਰ ਨਾਗ

ਹਿਜਰ ਦਾ ਡੰਗ ਗਿਆ

ਲੰਘ ਗਿਆ ਵੇ ਮਾਹੀਆ…।

ਕੰਤ ਹੋਰਾਂ ਦੇ ਪਰਤੇ ਘਰ ਨੂੰ

ਤੂੰ ਕਿਓਂ ਦੇਰਾਂ ਲਾਈਆਂ

ਤੇਰੇ ਬਾਝੋਂ ਪਿੱਪਲ ਸੁੱਕ ਗਏ

ਤ੍ਰਿੰਞਣੀ ਗ਼ਮੀਆਂ ਛਾਈਆਂ

ਵਰ੍ਹਦਾ ਬੱਦਲ ਸਾਥੋਂ

ਅੱਥਰੂ ਮੰਗ ਗਿਆ

ਲੰਘ ਗਿਆ ਵੇ ਮਾਹੀਆ…।


ਪੰਜਾਬੀ ਕਵਿਤਾਵਾਂ ਸ਼ਿਵ ਕੁਮਾਰ ਬਟਾਲਵੀ

shiv kumar batalvi quotes

shiv kumar batalvi poetry

ਅਸਾਂ ਤਾਂ ਜੋਬਨ ਰੁੱਤੇ ਮਰਨਾ

ਇਲਜ਼ਾਮ

ਇਸ਼ਤਿਹਾਰ-ਇਕ ਕੁੜੀ ਜਿਦ੍ਹਾ ਨਾਂ ਮੁਹੱਬਤ

ਸੱਦਾ (ਚੜ੍ਹ ਆ, ਚੜ੍ਹ ਆ, ਚੜ੍ਹ ਆ)

ਸ਼ਹੀਦਾਂ ਦੀ ਮੌਤ

ਸ਼ਰੀਂਹ ਦੇ ਫੁੱਲ

ਸ਼ੀਸ਼ੋ

ਹੰਝੂਆਂ ਦੀ ਛਬੀਲ

ਹਿਜੜਾ

ਹੈ ਰਾਤ ਕਿੰਨੀ ਕੁ ਦੇਰ ਹਾਲੇ

ਕਰਜ਼-ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ

ਕੰਡਿਆਲੀ ਥੋਰ੍ਹ

ਚਾਂਦੀ ਦੀਆਂ ਗੋਲੀਆਂ

ਚੁੰਮਣ

ਜ਼ਖ਼ਮ

shiv kumar batalvi poetry in punjabi

ਤਕਦੀਰ ਦੇ ਬਾਗ਼ੀਂ

ਥੱਬਾ ਕੁ ਜ਼ੁਲਫ਼ਾਂ ਵਾਲਿਆ

ਨੂਰਾਂ

ਪੰਛੀ ਹੋ ਜਾਵਾਂ

ਬਿਰਹਾ

ਮਨ ਮੰਦਰ

ਮਾਂ

ਯਾਰ ਦੀ ਮੜ੍ਹੀ 'ਤੇ

ਰੁੱਖ

ਰੋਜੜੇ

ਵਿਧਵਾ ਰੁੱਤ

ਵੀਨਸ ਦਾ ਬੁੱਤ


Punjabi Ghazlan Shiv Kumar Batalvi

shiv kumar batalvi shayari

Chambe Da Phul

Daachi Sehkdi

Dil Ghareeb

Ghaman Di Raat

Haadsa

Jaach Mainu Aa Gai

Jad Vi Tera

Kaun Mere Shehar Aake Mur Gia

Ki Puchhdio Haal Fakiran Da

Kismat

Lajwanti

Lohe Da Shehar

Main Adhure Geet Di

Mainu Taan Mere Dosta (Ghazal)

Mainu Tera Shabab Lai Baitha

(Mere) Namurad Ishq Da

Mirchan De Pattar

Raat Gai Kar Tara Tara

Rog Ban Ke Reh Gia

Sagar Te Kanian

Sawagat

Shehar Tere Tarkalan Dhalian

Sog

Teerath

Toon Vida Hoion

Punjabi Geet Shiv Kumar Batalvi

shiv kumar batalvi songs

Addhi Raatin Pauna Vich

Akkh Kashni

Ambariye Sugandhriye

Babal Ji

Birhara

Bol Ve Mukhon Bol

Chambe Di Khushbo

Cheere Walia

Dharmi Babla

Galorian

Haye Ni Munda Lambran Da

Ih Kehe Din Aaye

Ih Mera Geet

Ik Geet Udhara Hor Dio

Jitthe Itran De Vagde Ne Cho

Jind Majajan

Jindu De Baaghin

Lachhi Kuri

luna shiv kumar batalvi

Loona (Geet)

Main Kalh Nahin Rehna

Mainu Vida Karo

Maye Ni Maye

Mera Dhal Chalia Parchhavan

Mere Ram Jeeo

Mere Rang Da Pani

Meri Jhanjar Tera Na Laindi

Meri Umra Beeti Jaye

Mitti

shiv kumar batalvi song

shiv kumar batalvi shayari in punjabi

Mitti De Baawe

Nadian Vahu Vichhunian

Pardes Vassan Walia

Peeran Da Praga

Preet Lehar

Purey Deeye Paune (Geet)

Raatan Kaalian (Jhurmat Bole)

Raat Chanani Main Turan

Risham Rupehli

(Ik) Saah Sajjna Da

Saanu Tor Ambriye Tor

Shikra

Uchian Paharian De

Umran De Sarvar

Ve Mahia

Wasta e Mera


Punjabi Poems Shiv Kumar Batalvi

shiv kumar batalvi poems

shiv kumar batalvi poems in hindi

Asan Taan Joban Rutte Marna

Birha

Chandi Dian Golian

Chumman

Dholia Ve Dholia

Hai Raat Kinni Ku Der Haale

Hanjhuan Di Chhabeel

Hijra

Ilzaam

Ishtihar

Kandiali Thorh

Karz

Maan

Man Mandir

Nooran

Panchhi Ho Javan

Rojre

Rukh

Sadda (Charh Aa Charh Aa)

Shaheedan Di Maut

Sharinh De Phul

Sheesho

Takdeer De Baaghin

Thabba Ku Zulfan Walia

Venus Da Butt

Vidhwa Rutt

Yaar Di Marhi Te

Zakham


ਅੰਤ ਵਿੱਚ

ਅਸੀਂ ਆਪਣੇ ਵਲੋ ਬਹੁਤ ਹੀ ਇਮਾਨਦਾਰੀ ਨਾਲ ਆਪ ਜੀ ਦੇ ਅੱਗੇ ਸ਼ਿਵ ਕੁਮਾਰ ਬਟਾਲਵੀ ਜੀ ਦੇ ਬਾਰੇ ਜਾਣਕਾਰੀ ਅਤੇ ਓਹਨਾ ਦੁਆਰਾ ਲਿਖੀਆ ਗਈਆਂ ਰਚਨਾਵਾਂ ਨੂੰ ਆਪ ਜੀ ਦੇ ਸਨਮੁੱਖ ਕਰਨ ਦੀ ਕੋਸਿ਼ਸ਼ ਕੀਤੀ ਹੈ, ਅਤੇ ਸਾਡੀ ਏ ਵੀ ਕੋਸਿਸ਼ ਹੈ ਕਿ ਆਪ ਜੀ ਨੂੰ ਸ਼ਿਵ ਕੁਮਾਰ ਬਟਾਲਵੀ ਜੀ ਦੀਆ ਸਾਰੀਆ ਰਚਨਾਵਾਂ ਸਾਡੇ ਇੱਸੇ ਲੇਖ ਵਿਚੋਂ ਪ੍ਰਾਪਤ ਹੋ ਜਾਣ ਜੇਕਰ ਆਪ ਜੀ ਨੂੰ ਸਾਡੇ ਇਸ ਲੇਖ ਵਿਚ ਕੋਈ ਕਮੀਂ ਲਗੀ ਹੋਵੇ ਤਾਂ ਆਪ ਜੀ ਆਪਣੇ ਕੀਮਤੀ ਵਿਚਾਰ ਕਮੈਂਟਸ ਵਿੱਚ ਜ਼ਰੂਰ ਦਿਉ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ। ਆਪ ਜੀ ਦੇ ਅੱਗੇ ਹੋਰ ਵੀ ਇਕ ਜ਼ਰੂਰੀ ਬੇਨਤੀ ਹੈ ਕਿ ਸਾਡੇ ਇਸ blog ਉੱਤੇ ਤੁਸੀਂ ਰਚਨਾਵਾਂ ਪੜ੍ਹਨ ਲਈ ਆਉਂਦੇ ਰਹੋ ਜੀ blog ਦਾ ਨਾਮ ਕਦੇ ਨਾ ਭੁੱਲਣਾ।
ਧੰਨਵਾਦ

Post a Comment

0 Comments